ਸਿੱਧੂ ਮੂਸੇਵਾਲਾ ਮਾਮਲੇ ਤੋਂ ਬਾਅਦ ਵਧਾਈ ਸਲਮਾਨ ਖਾਨ ਦੀ ਸੁਰੱਖਿਆ
ਮੁੰਬਈ ਪੁਲਿਸ ਚੌਕਸ, ਨਿੱਜੀ ਸੁਰੱਖਿਆ ਤੋਂ ਇਲਾਵਾ ਤੈਨਾਤ ਕੀਤੇ ਅੱਧੀ ਦਰਜਨ ਪੁਲਿਸ ਮੁਲਾਜ਼ਮ
ਲਾਰੈਂਸ ਬਿਸ਼ਨੋਈ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ
ਮੁੰਬਈ : ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਿਲੀ ਗੁਪਤ ਸੂਚਨਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਹੁਣ ਸਲਮਾਨ ਦੀ ਨਿੱਜੀ ਸੁਰੱਖਿਆ ਦੇ ਨਾਲ ਮੁੰਬਈ ਪੁਲਿਸ ਦੇ ਅੱਧੀ ਦਰਜਨ ਜਵਾਨ ਵੀ ਉੱਥੇ ਮੌਜੂਦ ਰਹਿਣਗੇ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸੇ ਗੈਂਗ ਨੇ ਕੁਝ ਸਾਲ ਪਹਿਲਾਂ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੇ ਮੱਦੇਨਜ਼ਰ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਉਨ੍ਹਾਂ ਦੇ ਅਪਾਰਟਮੈਂਟ ਦੇ ਆਲੇ-ਦੁਆਲੇ ਮੌਜੂਦ ਰਹੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜਸਥਾਨ ਦਾ ਗਿਰੋਹ ਅੱਗੇ ਨਾ ਵਧੇ।"
ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ 'ਤੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਹੈ ਅਤੇ ਇਸ ਦਾ ਸ਼ਿਕਾਰ ਕਰਨ 'ਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
2008 'ਚ ਅਦਾਲਤ ਦੇ ਬਾਹਰ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਉਹ ਸਲਮਾਨ ਖਾਨ ਨੂੰ ਜੋਧਪੁਰ 'ਚ ਮਾਰ ਦੇਣਗੇ। ਉਸ ਨੇ ਇਹ ਵੀ ਕਿਹਾ ਸੀ, "ਅਜੇ ਤੱਕ ਮੈਂ ਕੁਝ ਨਹੀਂ ਕੀਤਾ, ਪਰ ਜਦੋਂ ਮੈਂ ਸਲਮਾਨ ਖਾਨ ਨੂੰ ਮਾਰਾਂਗੇ ਤਾਂ ਸਭ ਨੂੰ ਪਤਾ ਲੱਗ ਜਾਵੇਗਾ। ਫਿਲਹਾਲ ਮੈਨੂੰ ਬਕਵਾਸ ਵਿੱਚ ਘਸੀਟਿਆ ਜਾ ਰਿਹਾ ਹੈ।"