Pankaj Tripathi News: ਪੰਕਜ ਤ੍ਰਿਪਾਠੀ ਨੇ ਪਰਿਵਾਰ ਲਈ ਫਿਲਮਾਂ ਤੋਂ ਲਈ ਬ੍ਰੇਕ; ਕਾਰ ਹਾਦਸੇ ਵਿਚ ਹੋਈ ਜੀਜੇ ਦੀ ਮੌਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਉਹ ਇਸ ਬੁਰੇ ਸਮੇਂ ਵਿਚ ਅਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।

Pankaj Tripathi on break, spending time with family after brother-in-law's death

Pankaj Tripathi News: ਮਸ਼ਹੂਰ ਅਦਾਕਾਰ ਪੰਕਜ ਤ੍ਰਿਪਾਠੀ ਦੇ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਹਾਲ ਹੀ ਵਿਚ ਪੰਕਜ ਦੀ ਭੈਣ ਦੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਦਕਿ ਉਸ ਦੀ ਭੈਣ ਗੰਭੀਰ ਜ਼ਖ਼ਮੀ ਹੋ ਗਈ। ਜੀਜੇ ਦੀ ਮੌਤ ਤੋਂ ਬਾਅਦ ਪੰਕਜ ਤ੍ਰਿਪਾਠੀ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਉਹ ਇਸ ਬੁਰੇ ਸਮੇਂ ਵਿਚ ਅਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।

ਪੰਕਜ ਤ੍ਰਿਪਾਠੀ ਦੀ ਭੈਣ ਸਬਿਤਾ ਤਿਵਾੜੀ ਅਤੇ ਉਸ ਦੇ ਪਤੀ ਰਾਜੇਸ਼ ਤਿਵਾੜੀ 20 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਦਿੱਲੀ-ਕੋਲਕਾਤਾ ਨੈਸ਼ਨਲ ਹਾਈਵੇਅ 'ਤੇ ਸਥਿਤ ਜੀਟੀ ਰੋਡ 'ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਹ ਜੋੜਾ ਬਿਹਾਰ ਦੇ ਗੋਪਾਲਗੰਜ ਤੋਂ ਪੱਛਮੀ ਬੰਗਾਲ ਵੱਲ ਜਾ ਰਿਹਾ ਸੀ। ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਸ ਹਾਦਸੇ 'ਚ ਰਾਜੇਸ਼ ਤਿਵਾੜੀ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ਸਬਿਤਾ ਤਿਵਾੜੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਸਬਿਤਾ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਸਬਿਤਾ ਤਿਵਾੜੀ ਹੁਣ ਖਤਰੇ ਤੋਂ ਬਾਹਰ ਹੈ।

ਇਸ ਘਟਨਾ ਤੋਂ ਬਾਅਦ ਪੰਕਜ ਤ੍ਰਿਪਾਠੀ ਨੇ ਅਪਣੇ ਪਰਿਵਾਰ ਦੀ ਖਾਤਰ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਹਿੰਦੁਸਤਾਨ ਟਾਈਮਜ਼ ਨੇ ਪਰਿਵਾਰ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਪੰਕਜ ਆਪਣੇ ਪਿੰਡ ਵਿਚ ਸੀ। ਫਿਲਹਾਲ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ। ਪੰਕਜ ਨੇ ਪਰਿਵਾਰ ਲਈ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵੀ ਬੰਦ ਕਰ ਦਿਤੀ ਹੈ। ਇਸ ਔਖੀ ਘੜੀ ਵਿਚ ਉਹ ਪਰਿਵਾਰ ਦਾ ਸਹਾਰਾ ਬਣੇ ਹਨ।

ਰਿਪੋਰਟ ਮੁਤਾਬਕ ਪੰਕਜ ਤ੍ਰਿਪਾਠੀ ਮਈ ਦੀ ਸ਼ੁਰੂਆਤ 'ਚ ਪਿੰਡ ਤੋਂ ਮੁੰਬਈ ਵਾਪਸ ਆਉਣ ਵਾਲੇ ਸਨ। ਵਾਪਸ ਆਉਂਦੇ ਹੀ ਉਹ ਅਪਣੇ ਆਉਣ ਵਾਲੇ ਪ੍ਰਾਜੈਕਟਾਂ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਸ਼ੂਟਿੰਗ ਮੁਲਤਵੀ ਕਰਨੀ ਪਵੇਗੀ। ਪੰਕਜ ਤ੍ਰਿਪਾਠੀ ਇਸ ਸਮੇਂ ਅਨੁਰਾਗ ਬਾਸੂ ਦੀ ਸੀਰੀਜ਼ ਕ੍ਰਿਮੀਨਲ ਜਸਟਿਸ ਦੇ ਚੌਥੇ ਸੀਜ਼ਨ ਦਾ ਹਿੱਸਾ ਹਨ।

(For more Punjabi news apart from Pankaj Tripathi on break, spending time with family after brother-in-law's death, stay tuned to Rozana Spokesman)