ਅਨੁਪਮ ਖੇਰ ਨੇ ਆਪਣੇ ਵਿਵਾਦਿਤ ਟਵੀਟ ਲਈ ਮੰਗੀ ਮੁਆਫ਼ੀ  

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੈਂ ਆਪਣੀ ਇਸ ਗਲਤੀ ਲਈ ਮੁਆਫੀ ਮੰਗਦਾ ਹਾਂ।

Anupam Kher

ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆਪਣੇ ਇਕ ਟਵੀਟ ਕਰ ਕੇ ਵਿਵਾਦਾਂ ਵਿਚ ਘਿਰ ਗਏ ਸਨ ਅਨੁਪਮ ਖੇਰ ਨੇ ਇੱਕ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਪ੍ਰਯੋਗ ਕੀਤਾ। ਉਨ੍ਹਾਂ ਲਿਖਿਆ 'ਸਵਾ ਲਾਖ ਸੇ ਏਕ ਭਿੜਾ ਦੂੰ'। ਇਹ ਟਵੀਟ ਉਨ੍ਹਾਂ ਨੇ ਸੰਬਿਤ ਸਵਰਾਜ ਨੂੰ ਟੈਗ ਕਰ ਕੇ ਕੀਤਾ ਸੀ। ਪਰ ਹੁਣ ਅਨੁਪਮ ਖੇਰ ਨੇ ਆਪਣੀ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਹਨਾਂ ਨੇ ਇਕ ਟਵੀਟ ਕਰ ਕੇ ਲਿਖਿਆ ਕਿ ਮੈਂ ਆਪਣੀ ਇਸ ਗਲਤੀ ਲਈ ਮੁਆਫੀ ਮੰਗਦਾ ਹਾਂ। 
 

ਇਸ ਦੇ ਨਾਲ ਹੀ ਦੱਸ ਦਈਏ ਕਿ ਅਨੁਪਮ ਦੇ ਵਿਵਾਦਿਤ ਟਵੀਟ ਕਰ ਤੋਂ ਬਾਅਦ ਉਹ ਖ਼ੁਦ ਹੀ ਆਪਣੇ ਟਵੀਟ 'ਚ ਉਲਝ ਕੇ ਰਹਿ ਗਏ ਸਨ। ਸਿੱਖ ਵੀ ਇਸ ਟਵੀਟ 'ਤੇ ਕਾਫ਼ੀ ਭੜਕੇ ਹੋਏ ਸਨ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਸਰਗਰਮ ਹੋ ਗਈ ਸੀ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ 'ਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਰਾਜਾ ਵੜਿੰਗ ਨੇ ਇਕ ਟਵੀਟ ਕਰ ਕੇ ਲਿਖਿਆ ਸੀ ਕਿ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ? ਇਹ ਕੋਈ ਤੁਹਾਡੀ ਫ਼ਿਲਮ ਦਾ ਡਾਇਲਾਗ ਨਹੀਂ ਹੈ।

ਉਨ੍ਹਾਂ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਨੂੰ ਅਪੀਲ ਵੀ ਕੀਤੀ ਸੀ ਕਿ ਅਨੁਪਮ ਖੇਰ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਖੇਰ ਇਹ ਟਵੀਟ ਤੁਰੰਤ ਡਿਲੀਟ ਕਰਨ ਅਤੇ ਇਸ ਗਲਤੀ ਲਈ ਮੁਆਫ਼ੀ ਮੰਗਣ। ਉਥੇ ਹੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ 'ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ਨੂੰ ਕਿਵੇਂ ਭਾਜਪਾ ਦੇ ਬੁਲਾਰੇ ਲਈ ਇਸਤੇਮਾਲ ਕਰ ਸਕਦੇ ਨੇ।

ਇਹ ਆਰ. ਐੱਸ. ਐੱਸ. ਦੀ ਸਿੱਖਾਂ ਦੇ ਤਾਕਤਵਰ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਇਸ 'ਤੇ ਮੁਆਫ਼ੀ ਮੰਗਵਾਉਣੀ ਚਾਹੀਦੀ ਹੈ ਅਤੇ ਅਨੁਪਮ ਖੇਰ ਅਤੇ ਉਸ ਦੀ ਪਤਨੀ ਨੂੰ ਭਾਜਪਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।