ਰੀਆ ਚੱਕਰਵਤੀ ਦੇ ਹੱਕ 'ਚ ਬੋਲੀ ਵਿਦਿਆ ਬਾਲਨ, ਟਵੀਟ ਕਰ ਲੋਕਾਂ ਨੂੰ ਪਾਈ ਝਾੜ
ਉਨ੍ਹਾਂ ਨੇ ਟਵੀਟ ਕਰਕੇ ਸੁਸ਼ਾਂਤ ਕੇਸ ਨੂੰ ਮੀਡੀਆ ਸਰਕਸ ਨਾ ਬਣਾਉਣ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਹੁਣ ਤੱਕ ਕਈ ਸਿਤਾਰੇ ਆਪਣੀ ਆਵਾਜ਼ ਉੱਠਾ ਚੁੱਕੇ ਹਨ। ਸ਼ੇਖਰ ਸੁਮਨ, ਕੰਗਨਾ ਰਣੌਤ, ਸ਼ਤਰੂਘਨ ਸਿਨ੍ਹਾ, ਵਰੁਣ ਧਵਨ ਸਮੇਤ ਕਈ ਸਿਤਾਰੇ ਇਸ ਮਾਮਲੇ 'ਚ ਆਪਣੀ ਰਾਏ ਦੇ ਚੁੱਕੇ ਹਨ। ਹੁਣ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਵੀ ਇਸ ਕੇਸ 'ਚ ਆਪਣੇ ਮਨ ਦੀ ਗੱਲ ਰੱਖੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਸੁਸ਼ਾਂਤ ਕੇਸ ਨੂੰ ਮੀਡੀਆ ਸਰਕਸ ਨਾ ਬਣਾਉਣ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੀ ਅਪੀਲ ਕੀਤੀ ਹੈ। ਦਰਅਸਲ, ਹਾਲ ਹੀ 'ਚ ਅਦਾਕਾਰਾ ਲਕਸ਼ਮੀ ਮੰਛੂ ਨੇ ਇੱਕ ਟਵੀਟ ਕੀਤਾ ਸੀ। ਉਨ੍ਹਾਂ ਨੇ ਰੀਆ ਚੱਕਰਵਰਤੀ ਵਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਨਾਲ ਜੁੜੀਆਂ ਕੁਝ ਗੱਲਾਂ ਆਖੀਆਂ ਸਨ।
ਇਸ 'ਤੇ ਰਿਐਕਟ ਕਰਦੇ ਹੋਏ ਵਿਦਿਆ ਬਾਲਨ ਨੇ ਟਵੀਟ ਕੀਤਾ, 'God Bless You ਲਕਸ਼ਮੀ ਮੰਛੂ ਇਹ ਖੁੱਲ੍ਹ ਕੇ ਆਖਣ ਲਈ। ਇੱਕ ਨੌਜਵਾਨ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮੀਡੀਆ ਸਰਕਸ ਬਣਾਉਣਾ ਬਦਕਿਸਮਤੀ ਹੈ। ਇਸ ਜ਼ਿੰਦਗੀ 'ਚ, ਇੱਕ ਮਹਿਲਾ ਦੇ ਤੌਰ 'ਤੇ, ਰੀਆ ਚੱਕਰਵਰਤੀ ਨਾਲ ਹੋ ਰਹੀ ਨਫ਼ਰਤ ਨਾਲ ਮੇਰਾ ਦਿਲ ਟੁੱਟ ਜਾਂਦਾ ਹੈ।
ਜਦੋਂ ਤੱਕ ਦੋਸ਼ ਸਾਬਿਤ ਨਹੀਂ ਹੋ ਜਾਂਦਾ, ਉਦੋਂ ਤੱਕ ਕੀ ਉਹ ਨਿਰਦੋਸ਼ ਨਹੀਂ ਹੈ? ਜਾਂ ਹੁਣ ਅਜਿਹਾ ਹੈ ਕਿ ਜਦੋਂ ਤੱਕ ਸਾਬਿਤ ਨਹੀਂ ਹੋ ਜਾਂਦਾ ਉਦੋਂ ਤੱਕ ਤੁਸੀਂ ਦੋਸ਼ੀ ਹੋ? ਨਾਗਰਿਕਾਂ ਦੇ ਕਾਨੂੰਨੀ ਅਧਿਕਾਰ ਪ੍ਰਤੀ ਥੋੜੀ ਇੱਜ਼ਤ ਦਿਖਾਓ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ।' ਦੱਸ ਦਈਏ ਕਿ ਇਸ ਤੋਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਸੁਸ਼ਾਤ ਕੇਸ ਵਿਚ ਆਪਣਾ ਪੱਖ ਰੱਖਿਆ ਸੀ। ਸੁਸ਼ਾਂਤ ਮਾਮਲੇ ਵਿਚ ਨਸ਼ੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਬਾਲੀਵੁੱਡ 'ਤੇ ਝਾਤ ਮਾਰੀ ਸੀ।
ਕੰਗਨਾ ਰਣੌਤ ਨੇ ਟਵੀਟ ਕਰ ਕੇ ਇਕ ਵੱਡਾ ਬਿਆਨ ਦਿੱਤਾ ਸੀ। ਉਸ ਨੇ ਲਿਖਿਆ ਕਿ ਜੇਕਰ ਬਾਲੀਵੁੱਡ ਵਿਚ ਨਾਰਕੋਟਿਕਸ ਟੈਸਟ ਹੁੰਦਾ ਹੈ ਤਾਂ ਕਈ ਸਿਤਾਰੇ ਜੇਲ੍ਹ ਵਿਚ ਹੋਣਗੇ। ਕੰਗਨਾ ਰਣੌਤ ਨੇ ਬੇਬਾਕੀ ਨਾਲ ਆਪਣਾ ਇਹ ਬਿਆਨ ਦੁਨੀਆਂ ਸਾਹਮਣੇ ਰੱਖਿਆ। ਸੁਸ਼ਾਂਤ ਮਾਮਲੇ ਵਿਚ ਡਰੱਗ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ, ਜਿਸ ਵਿਚ ਉਸਨੇ ਪੀਐਮਓ ਨੂੰ ਵੀ ਟੈਗ ਕੀਤਾ ਸੀ ਅਤੇ ਲਿਖਿਆ - ਜੇਕਰ ਨਾਰਕੋਟਿਕਸ ਕੰਟਰੋਲ ਬਿਊਰੋ ਬਾਲੀਵੁੱਡ ਵਿਚ ਆ ਗਿਆ ਤਾਂ ਸਿਤਾਰੇ ਜੇਲ੍ਹ ਵਿਚ ਚਲੇ ਜਾਣਗੇ।