ਰਿਹਾਨਾ ਨੂੰ ਜਵਾਬ ਦੇਣ ਦੇ ਚੱਕਰ 'ਚ ਟ੍ਰੋਲ ਹੋਈ ਕੰਗਨਾ ਰਣੌਤ, ਕਿਸਾਨਾਂ ਨੂੰ ਕਿਹਾ 'ਅੱਤਵਾਦੀ'

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਸਾਨੀ ਮੁੱਦੇ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤਾ ਪੌਪ ਸਟਾਰ ਰਿਹਾਨਾ ਦਾ ਸਮਰਥਨ

Kangana Ranaut Gets Trolled For Calling Rihanna a 'Fool

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਮੁੱਦੇ ‘ਤੇ ਦਿੱਲੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਕਈ ਵਿਦੇਸ਼ੀ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਸੂਚੀ ਵਿਚ ਮਸ਼ਹੂਰ ਪੌਪ ਸਟਾਰ ਰਿਹਾਨਾ ਦਾ ਨਾਂਅ ਵੀ ਜੁੜ ਗਿਆ ਹੈ। ਬੀਤੇ ਦਿਨ ਰਿਹਾਨਾ ਨੇ ਟਵੀਟ ਕਰਦਿਆਂ ਕਿਸਾਨੀ ਅੰਦੋਲਨ ‘ਤੇ ਚਰਚਾ ਦੀ ਗੱਲ ਕਹੀ।

ਉਹਨਾਂ ਨੇ ਕਿਹਾ ਕਿ ਕੋਈ ਵੀ ਇਸ ਮੁੱਦੇ ‘ਤੇ ਗੱਲ ਕਿਉਂ ਨਹੀਂ ਕਰ ਰਿਹਾ। ਰਿਹਾਨਾ ਦਾ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ। ਕੌਮਾਂਤਰੀ ਪੱਧਰ ਦੀ ਸਟਾਰ ਰਿਹਾਨਾ ਨੇ ਟਵੀਟ ਦੇ ਨਾਲ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇਕ ਖ਼ਬਰ ਵੀ ਸਾਂਝੀ ਕੀਤੀ ਅਤੇ ਲਿਖਿਆ, ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?"।

 

ਰਿਹਾਨਾ ਦੇ ਟਵੀਟ ‘ਤੇ ਲੋਕਾਂ ਨੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਟਵੀਟ ਕੀਤਾ। ਕੰਗਨਾ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਅੱਤਵਾਦੀ ਦੱਸਿਆ। ਇਸ ਲਈ ਉਸ ਨੂੰ ਕਾਫੀ ਟ੍ਰੋਲ ਵੀ ਹੋਣਾ ਪਿਆ।

ਰਿਹਾਨਾ ਦੇ ਟਵੀਟ ਦਾ ਜਵਾਬ ਦਿੰਦਿਆਂ ਕੰਗਨਾ ਨੇ ਲਿਖਿਆ, "ਕੋਈ ਇਸ ਬਾਰੇ ਗੱਲ ਇਸ ਲਈ ਨਹੀਂ ਕਰ ਰਿਹਾ ਹੈ ਕਿਉਂਕਿ ਉਹ ਕਿਸਾਨ ਨਹੀਂ ਅੱਤਵਾਦੀ ਹਨ ਜੋ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਚੀਨ ਸਾਡੇ ਦੇਸ਼ ‘ਤੇ ਕਬਜ਼ਾ ਕਰ ਸਕੇ। ਤੁਸੀਂ ਸ਼ਾਂਤ ਬੈਠੋ ਮੂਰਖ, ਅਸੀਂ ਤੁਹਾਡੇ ਵਾਂਗ ਮੂਰਖ ਨਹੀਂ ਜੋ ਅਪਣੇ ਦੇਸ਼ ਨੂੰ ਵੇਚ ਦਈਏ"। ਕੰਗਨਾ ਦੇ ਇਸ ਟਵੀਟ ‘ਤੇ ਰਿਹਾਨਾ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਸੋਸ਼ਲ ਮੀਡੀਆ ‘ਤੇ ਕਾਫੀ ਮੀਮ ਸ਼ੇਅਰ ਹੋ ਰਹੇ ਹਨ।

 

 

ਇਹਨਾਂ ਮੀਮ ਜ਼ਰੀਏ ਕੁਝ ਲੋਕ ਰਿਹਾਨਾ ਦਾ ਸਮਰਥਨ ਕਰ ਰਹੇ ਹਨ ਤਾਂ ਕੁਝ ਲੋਕ ਕੰਗਨਾ ਦੀ ਅਲੋਚਨਾ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲ਼ਾਵਾ ਕੈਨੇਡੀਅਨ ਐਮਪੀ ਜਗਮੀਤ ਸਿੰਘ ਨੇ ਵੀ ਰਿਹਾਨਾ ਦਾ ਧੰਨਵਾਦ ਕੀਤਾ। ਉਹਨਾਂ ਨੇ ਟਵੀਟ ਕੀਤਾ," ਦਬਾਏ ਹੋਏ ਲੋਕਾਂ ਦੀ ਨਰਿੰਤਰਤਾ ਨਾਲ ਅਵਾਜ਼ ਚੁੱਕਣ ਲਈ ਧੰਨਵਾਦ।"