ਏ.ਆਰ. ਰਹਿਮਾਨ ਨੇ AI ਦੀ ਮਦਦ ਨਾਲ ਮਰੇ ਗਾਇਕਾਂ ਦੀ ਆਵਾਜ਼ ਨੂੰ ਜ਼ਿੰਦਾ ਕੀਤਾ, ਜਾਣੋ ਕੀ ਕਿਹਾ ਮਰਹੂਮ ਗਾਇਕਾਂ ਦੇ ਪਰਵਾਰਾਂ ਨੇ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੰਗੀਤ ’ਚ ਤਕਨਾਲੋਜੀ ਦੀ ਵਰਤੋਂ ਕੋਈ ਤਿਕੜਮਬਾਜ਼ੀ ਨਹੀਂ : ਏ.ਆਰ. ਰਹਿਮਾਨ

A.R. Rahman, Bamba Bakya and Shahul Hameed.

ਨਵੀਂ ਦਿੱਲੀ: ਅਪਣੇ ਨਵੇਂ ਗੀਤ ’ਚ ਏ.ਆਈ. ਸਾਫਟਵੇਅਰ ਦੀ ਵਰਤੋਂ ਕਰਨ ਲਈ ਮਰਹੂਮ ਗਾਇਕ ਬੰਬਾ ਬਕੀਆ ਅਤੇ ਸ਼ਾਹੂਲ ਹਮੀਦ ਦੀ ਵਰਤੋਂ ਕਰਨ ਵਾਲੇ ਸੰਗੀਤਕਾਰ ਏ.ਆਰ. ਰਹਿਮਾਨ ਦਾ ਕਹਿਣਾ ਹੈ ਕਿ ਤਕਨਾਲੋਜੀ ਦੀ ਵਰਤੋਂ ਕੋਈ ‘ਤਿਕੜਮਬਾਜ਼ੀ’ ਨਹੀਂ ਹੈ ਅਤੇ ਇਸ ਦੀ ਵਰਤੋਂ ਉਚਿਤ ਇਜਾਜ਼ਤ ਲੈਣ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ।

ਰਹਿਮਾਨ ਨੇ ਖੁਸ਼ੀ ਜ਼ਾਹਰ ਕੀਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਨੇ ਉਨ੍ਹਾਂ ਦੇ ਦੋਸਤਾਂ ਅਤੇ ਸਹਿਕਰਮੀਆਂ ਦੀ ਆਵਾਜ਼ ਨੂੰ ਵਾਪਸ ਲਿਆਉਣ ’ਚ ਮਦਦ ਕੀਤੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੁਨੀਆਂ ਭਰ ’ਚ ਇਕ ਭਖਵਾਂ ਵਿਸ਼ਾ ਹੈ। ਬਹੁਤ ਸਾਰੇ ਲੋਕ ਇਸ ਨੂੰ ਹੈਰਾਨੀ ਅਤੇ ਡਰ ਦੇ ਮਿਸ਼ਰਣ ਵਜੋਂ ਵੇਖਦੇ ਹਨ।

ਰਹਿਮਾਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਤੁਹਾਨੂੰ ਇਸ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਇਸ ਦੀ ਜ਼ਰੂਰਤ ਹੋਵੇ ਅਤੇ ਤੁਸੀਂ ਅਜਿਹਾ ਕਰ ਸਕਦੇ ਹੋ। ਇਹ ਅੱਧਾ-ਅਧੂਰਾ ਨਹੀਂ ਹੋਣਾ ਚਾਹੀਦਾ। ਇਹ ਕੋਈ ਤਿਕੜਮਬਾਜ਼ੀ ਨਹੀਂ ਹੈ, ਇਸ ਦਾ ਕੋਈ ਮਕਸਦ ਹੈ।’’ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਵਲੋਂ ਨਿਰਦੇਸ਼ਤ ‘ਲਾਲ ਸਲਾਮ’ ਫ਼ਿਲਮ ਦੇ ਗੀਤ ‘ਥਿਮਿਰੀ ਯੇਜੂਦਾ’ ਲਈ ਬਕੀਆ ਅਤੇ ਹਮੀਦ ਨੂੰ ਪਲੇਬੈਕ ਗਾਇਕਾਂ ਵਜੋਂ ਸਿਹਰਾ ਦਿਤਾ ਗਿਆ ਹੈ। ਇਹ ਫਿਲਮ 9 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਏ.ਆਈ. ਸਾਫਟਵੇਅਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤਾਂ ਉਹ ਜਾਣਦੇ ਸਨ ਕਿ ਦੋਹਾਂ ਗਾਇਕਾਂ ਦੇ ਪਰਵਾਰਾਂ ਦੀ ਸਹਿਮਤੀ ਜ਼ਰੂਰੀ ਹੈ। ਰਹਿਮਾਨ ਨੇ ਕਿਹਾ, ‘‘ਅਸੀਂ ਇਜਾਜ਼ਤ ਮੰਗਣ ਲਈ ਪਰਵਾਰਾਂ ਕੋਲ ਗਏ ਅਤੇ ਉਹ ਬਹੁਤ ਖੁਸ਼ ਹੋਏ। ਅਸੀਂ ਮੁਆਵਜ਼ਾ ਦਿਤਾ। ਇਹ ਸਾਰੀਆਂ ਨਿੱਜੀ ਜਾਇਦਾਦਾਂ ਹਨ ਜੋ ਉਨ੍ਹਾਂ ਨੇ ਪਰਵਾਰ ਨੂੰ ਦਿਤੀਆਂ ਹਨ। ਹਾਂ ਜਾਂ ਨਾ ਕਹਿਣਾ ਉਨ੍ਹਾਂ ਦਾ ਅਧਿਕਾਰ ਹੈ। ਇਸ ਮਾਮਲੇ ’ਚ, ਉਨ੍ਹਾਂ ਨੇ ਹਾਂ ਕਿਹਾ ਅਤੇ ਅਸੀਂ ਇਸ ਦੀ ਵਰਤੋਂ ਕੀਤੀ। ਮੇਰੇ ਲਈ ਇਸ ’ਚ ਕੁੱਝ ਵੀ ਇਤਰਾਜ਼ਯੋਗ ਨਹੀਂ ਹੈ ਕਿਉਂਕਿ ਅਸੀਂ ਜਾਇਜ਼ ਇਜਾਜ਼ਤ ਲਈ ਸੀ।’’

ਮਨੀ ਰਤਨਮ ਦੀ ਫਿਲਮ ‘ਪੋਨੀਯਿਨ ਸੇਲਵਨ’ ’ਚ ‘ਪੋਨੀ ਨਾਧੀ’ ਵਰਗੇ ਪ੍ਰਸਿੱਧ ਗੀਤ ਗਾਉਣ ਵਾਲੇ ਬਾਕੀਆ ਦਾ ਸਤੰਬਰ 2022 ’ਚ 42 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਸ ਨੇ ਰਜਨੀਕਾਂਤ ਦੀ ਫਿਲਮ ‘2.0’ ਦਾ ‘ਪੁਲੀਨੰਗਲ’, ਵਿਜੇ ਦੀ ਫਿਲਮ ‘ਬਿਗਿਲ’ ਦਾ ‘ਕਲਾਮੇ ਕਲਾਮੇ’ ਅਤੇ ਸਰਕਾਰ ਫਿਲਮ ਦਾ ‘ਸਿਮਤਰੰਗਾਰਨ’ ਗੀਤ ਵੀ ਗਾਇਆ ਸੀ। ਉਸੇ ਸਮੇਂ, ਹਮੀਦ ਨੇ ਰਹਿਮਾਨ ਨਾਲ ‘ਜੈਂਟਲਮੈਨ’, ‘ਜੀਨਸ’ ਅਤੇ ‘ਕਧਾਲਨ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਸੀ। ਹਮੀਦ ਦੀ 1998 ’ਚ ਮੌਤ ਹੋ ਗਈ ਸੀ।