Zubin Garg Death News: ਗਾਇਕ ਜ਼ੁਬੀਨ ਗਰਗ ਦੇ ਮੈਨੇਜਰ ਸਣੇ 2 ਗ੍ਰਿਫ਼ਤਾਰ, 14 ਦਿਨਾਂ ਲਈ ਦੋਵੇਂ ਪੁਲਿਸ ਹਿਰਾਸਤ ਵਿੱਚ ਭੇਜੇ
Zubin Garg Death News: ਜ਼ੁਬੀਨ ਗਰਗ ਦੀ ਮੌਤ ਤੈਰਾਕੀ ਕਾਰਨ ਹੋਈ : ਸਿੰਗਾਪੁਰ ਪੁਲਿਸ
2 arrested including singer Zubin Garg's manager: ਗਾਇਕ ਅਤੇ ਸੰਗੀਤਕਾਰ ਜ਼ੁਬੀਨ ਗਰਗ ਦੀ ਮੌਤ ਸਿੰਗਾਪੁਰ ਦੇ ਇਕ ਟਾਪੂ ਉਤੇ ਤੈਰਾਕੀ ਦੌਰਾਨ ਡੁੱਬਣ ਕਾਰਨ ਹੋਈ ਹੈ। ਭਾਰਤ ਅਤੇ ਸਿੰਗਾਪੁਰ ਕੂਟਨੀਤਕ ਸਬੰਧਾਂ ਦੇ 60ਵੇਂ ਸਾਲ ਅਤੇ ਭਾਰਤ ਆਸੀਆਨ ਸੈਰ-ਸਪਾਟਾ ਸਾਲ, ਉੱਤਰ ਪੂਰਬੀ ਭਾਰਤ ਤਿਉਹਾਰ ਮਨਾਉਣ ਲਈ ਸਿੰਗਾਪੁਰ ਵਿਚ ਆਏ ਅਸਾਮ ਦੇ ਗਰਗ ਦੀ 19 ਸਤੰਬਰ ਨੂੰ ਮੌਤ ਹੋ ਗਈ। ਸਿੰਗਾਪੁਰ ਪੁਲਿਸ ਫੋਰਸ (ਐਸ.ਪੀ.ਐਫ.) ਨੇ ਕਿਹਾ ਕਿ ਉਨ੍ਹਾਂ ਨੇ ਗਰਗ ਦੀ ਮੌਤ ਉਤੇ ਸ਼ੁਰੂਆਤੀ ਖੋਜਾਂ ਦੇ ਨਾਲ ਪੋਸਟਮਾਰਟਮ ਰੀਪੋਰਟ ਦੀ ਇਕ ਕਾਪੀ ਭਾਰਤੀ ਹਾਈ ਕਮਿਸ਼ਨ ਨੂੰ ਦਿਤੀ ਹੈ।
ਭਾਰਤੀ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਨੂੰ ਰੀਪੋਰਟ ਮਿਲ ਗਈ ਹੈ। ਇਕ ਸੂਤਰ ਮੁਤਾਬਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਗਰਗ ਦੀ ਮੌਤ ਡੁੱਬਣ ਕਾਰਨ ਹੋਈ ਹੈ। ਇਸ ਤੋਂ ਪਹਿਲਾਂ ਐਸ.ਪੀ.ਐਫ. ਨੇ 52 ਸਾਲ ਦੇ ਗਾਇਕ ਦੀ ਮੌਤ ਸ਼ੱਕੀ ਹੋਣ ਤੋਂ ਇਨਕਾਰ ਕਰ ਦਿਤਾ ਸੀ। ਸਿੰਗਾਪੁਰ ਦੀ ਬ੍ਰੌਡਸ਼ੀਟ ਨੇ ਐਲ.ਆਈ.ਐਮ.ਐਨ. ਲਾਅ ਕਾਰਪੋਰੇਸ਼ਨ ਦੇ ਐਸੋਸੀਏਟ ਡਾਇਰੈਕਟਰ ਐਨ.ਜੀ. ਕਾਈ ਲਿੰਗ ਦੇ ਹਵਾਲੇ ਨਾਲ ਕਿਹਾ, ‘‘ਜ਼ੁਬੀਨ ਗਰਗ ਦੇ ਮਾਮਲੇ ’ਚ, ਕੋਰੋਨਰ ਦੀ ਜਾਂਚ ਸੰਭਾਵਤ ਤੌਰ ਉਤੇ ਉਸ ਦੇ ਡੁੱਬਣ ਤਕ ਦੀਆਂ ਘਟਨਾਵਾਂ ਦੇ ਕ੍ਰਮ ਉਤੇ ਚਾਨਣਾ ਪਾ ਸਕਦੀ ਹੈ।’’
19 ਸਤੰਬਰ ਨੂੰ ਗਰਗ ਸਿੰਗਾਪੁਰ ਦੇ ਸੇਂਟ ਜੌਨਸ ਟਾਪੂ ਉਤੇ ਸਨ, ਜਿੱਥੋਂ ਉਨ੍ਹਾਂ ਨੂੰ ਬੇਹੋਸ਼ ਹੋ ਕੇ ਪਾਣੀ ਵਿਚੋਂ ਬਾਹਰ ਕਢਿਆ ਗਿਆ ਅਤੇ ਉਨ੍ਹਾਂ ਨੂੰ ਸਿੰਗਾਪੁਰ ਜਨਰਲ ਹਸਪਤਾਲ ਲਿਜਾਇਆ ਗਿਆ। ਪਰ ਉਸੇ ਦਿਨ ਉਸ ਦੀ ਮੌਤ ਹੋ ਗਈ। ਪਹਿਲਾਂ ਦੀਆਂ ਮੀਡੀਆ ਰੀਪੋਰਟਾਂ ਅਨੁਸਾਰ, ਮਸ਼ਹੂਰ ਗਾਇਕ 19 ਸਤੰਬਰ ਨੂੰ ਇਕ ਅਣਪਛਾਤੇ ਯਾਟ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਦੇ ਨਾਲ ਸੀ ਜਦੋਂ ਦੁਖਾਂਤ ਵਾਪਰਿਆ ਸੀ। 20 ਸਤੰਬਰ ਨੂੰ ‘ਐਕਸ’ ਉਤੇ ਪੋਸਟ ਕੀਤੀ ਗਈ ਇਕ ਵੀਡੀਉ ਵਿਚ ਉਨ੍ਹਾਂ ਨੂੰ ਤੈਰਾਕੀ ਲਈ ਪਾਣੀ ਵਿਚ ਛਾਲ ਮਾਰਦੇ ਹੋਏ ਵਿਖਾਇਆ ਗਿਆ ਸੀ।
ਮੈਨੇਜਰ ਤੇ ਪ੍ਰਬੰਧਕ ਉਤੇ ਲੱਗਾ ਕਤਲ ਦਾ ਦੋਸ਼
ਅਸਾਮ ਪੁਲਿਸ ਨੇ ਸਿੰਗਾਪੁਰ ’ਚ ਗਾਇਕ ਦੀ ਮੌਤ ਦੇ ਮਾਮਲੇ ’ਚ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਸਮਾਰੋਹ ਪ੍ਰਬੰਧਕ ਸ਼ਿਆਮਕਾਨੂ ਮਹੰਤ ਉਤੇ ਕਤਲ ਦਾ ਦੋਸ਼ ਲਗਾਇਆ ਹੈ। ਦੋਹਾਂ ਨੂੰ ਬੁਧਵਾਰ ਨੂੰ ਦਿੱਲੀ ਤੋਂ ਗਿ੍ਰਫਤਾਰ ਕੀਤਾ ਗਿਆ ਸੀ।
ਅਸਾਮ ਪੁਲਿਸ ਦੇ ਅਪਰਾਧਕ ਜਾਂਚ ਵਿਭਾਗ (ਸੀ.ਆਈ.ਡੀ.) ਦੇ ਵਿਸ਼ੇਸ਼ ਡੀ.ਜੀ.ਪੀ. ਮੁੰਨਾ ਪ੍ਰਸਾਦ ਗੁਪਤਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਗਿ੍ਰਫਤਾਰ ਕੀਤੇ ਗਏ ਦੋਹਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਜਾਰੀ ਹੈ, ਜਦੋਂ ਇੱਥੇ ਇਕ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਉਨ੍ਹਾਂ ਕਿਹਾ, ‘‘ਜਾਂਚ ਚੱਲ ਰਹੀ ਹੈ ਅਤੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦਾ। ਅਸੀਂ ਹੁਣ ਐਫ.ਆਈ.ਆਰ. ਵਿਚ ਬੀ.ਐਨ.ਐਸ. ਦੀ ਧਾਰਾ 103 ਸ਼ਾਮਲ ਕਰ ਦਿਤੀ ਹੈ।’’ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 103 ਕਤਲ ਦੀ ਸਜ਼ਾ ਨਾਲ ਸਬੰਧਤ ਹੈ। ਇਸ ਧਾਰਾ ਅਨੁਸਾਰ ਜੋ ਵੀ ਕਤਲ ਕਰਦਾ ਹੈ ਉਸ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿਤੀ ਜਾਵੇਗੀ। (ਪੀਟੀਆਈ)