Elvish Yadav FIR News: ਬਿੱਗ ਬੌਸ OTT 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਵਿਰੁਧ ਮਾਮਲਾ ਦਰਜ

ਏਜੰਸੀ

ਮਨੋਰੰਜਨ, ਬਾਲੀਵੁੱਡ

ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਇਲਜ਼ਾਮ

Elvish Yadav FIR News

Elvish Yadav FIR News: ਬਿੱਗ ਬੌਸ ਓਟੀਟੀ 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਨੋਇਡਾ ਦੇ ਸੈਕਟਰ 49 ਥਾਣੇ 'ਚ ਯੂਟਿਊਬਰ ਇਲਵਿਸ਼ ਯਾਦਵ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ 5 ਸਪੇਰਿਆਂ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 5 ਕੋਬਰਾ ਅਤੇ ਕੁੱਝ ਜ਼ਹਿਰ ਬਰਾਮਦ ਹੋਇਆ ਹੈ। ਸਪੇਰਿਆਂ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਦੇ ਸਨ।

ਇਹ ਕਾਰਵਾਈ ਜੰਗਲਾਤ ਵਿਭਾਗ ਦੀ ਟੀਮ ਦੇ ਇਨਪੁਟ ਤੋਂ ਬਾਅਦ ਕੀਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਮੇਨਕਾ ਗਾਂਧੀ ਦੁਆਰਾ ਚਲਾਏ ਜਾ ਰਹੇ ਇਕ ਐਨਜੀਓ ਨੇ ਸਟਿੰਗ ਆਪ੍ਰੇਸ਼ਨ ਕਰਕੇ ਨੋਇਡਾ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ, ਜਿਸ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਮਾਮਲੇ ਵਿਚ ਪੁਲਿਸ ਨੇ 6 ਨੂੰ ਨਾਮਜ਼ਦ ਕੀਤਾ ਹੈ।

ਇਸ ਦੇ ਨਾਲ ਹੀ ਰੇਵ ਪਾਰਟੀ 'ਚ ਸੱਪ ਦੇ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਦੇ ਦੋਸ਼ 'ਚ ਫੜੇ ਗਏ 5 ਦੋਸ਼ੀਆਂ ਤੋਂ ਜਦੋਂ ਪੁਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਯੂਟਿਊਬਰ ਐਲਵੀਸ਼ ਯਾਦਵ ਇਸ ਗਰੋਹ ਨਾਲ ਜੁੜਿਆ ਹੋਇਆ ਹੈ। ਇਸ ਗਿਰੋਹ ਦੇ ਕਬਜ਼ੇ 'ਚੋਂ 9 ਸੱਪ ਅਤੇ ਸੱਪਾਂ ਦਾ ਜ਼ਹਿਰ ਬਰਾਮਦ ਹੋਇਆ ਹੈ। ਜਿਨ੍ਹਾਂ ਵਿਚੋਂ 5 ਕੋਬਰਾ ਹਨ ਅਤੇ ਬਾਕੀ ਵੱਖ-ਵੱਖ ਪ੍ਰਜਾਤੀਆਂ ਦੇ ਹਨ। ਮੁਲਜ਼ਮਾਂ ਕੋਲੋਂ 20 ਤੋਂ 25 ਐਮਐਲ ਜ਼ਹਿਰ ਵੀ ਬਰਾਮਦ ਹੋਈਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ, ਜਿਸ 'ਚ ਅਲਵਿਸ਼ ਯਾਦਵ ਦਾ ਨਾਂਅ ਸ਼ਾਮਲ ਹੈ। ਹਾਲਾਂਕਿ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸਾਰੇ ਸੱਪਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿਤਾ ਗਿਆ ਹੈ।

FIR ਵਿਚ ਕੀ ਲਿਖਿਆ?

ਸੰਸਦ ਮੈਂਬਰ ਮੇਨਕਾ ਗਾਂਧੀ ਦੁਆਰਾ ਚਲਾਏ ਜਾ ਰਹੇ ਪੀਐਫਏ ਸੰਗਠਨ ਵਿਚ ਪਸ਼ੂ ਭਲਾਈ ਅਧਿਕਾਰੀ ਗੌਰਵ ਗੁਪਤਾ ਨੇ ਨੋਇਡਾ ਪੁਲਿਸ ਕੋਲ ਸ਼ਿਕਾਇਤ ਦੇ ਕੇ ਐਫਆਈਆਰ ਦਰਜ ਕਰਵਾਈ ਹੈ। ਐਫਆਈਆਰ ਦੀ ਕਾਪੀ ਵਿਚ ਲਿਖਿਆ ਗਿਆ ਹੈ ਕਿ ਐਨਜੀਓ ਨੂੰ ਸੂਚਨਾ ਮਿਲੀ ਸੀ ਕਿ ਐਲਵੀਸ਼ ਯਾਦਵ ਨਾਂਅ ਦਾ ਇਕ ਯੂਟਿਊਬਰ ਅਪਣੇ ਗੈਂਗ/ਯੂਟਿਊਬਰਾਂ ਨਾਲ ਨੋਇਡਾ ਅਤੇ ਐਨਸੀਆਰ ਦੇ ਫਾਰਮ ਹਾਊਸਾਂ ਵਿਚ ਸੱਪ ਦੇ ਜ਼ਹਿਰ ਅਤੇ ਜ਼ਿੰਦਾ ਸੱਪਾਂ ਨਾਲ ਵੀਡੀਉ ਬਣਾਉਂਦਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਦਾ ਆਯੋਜਿਤ ਕਰਦਾ ਹੈ, ਜਿਸ ਵਿਚ ਉਹ ਬਕਾਇਦਾ ਵਿਦੇਸ਼ੀ ਕੁੜੀਆਂ ਨੂੰ ਬੁਲਾ ਕੇ ਸੱਪ ਦੇ ਜ਼ਹਿਰ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ।

(For more news apart from Elvish Yadav FIR News, stay tuned to Rozana Spokesman)