ਫਿਰ ਵਿਗੜੇ ਕੰਗਨਾ ਦੇ ਬੋਲ, ਕਿਹਾ ਧਰਨਿਆਂ ਦਾ ਰਾਜ ਖੁੱਲ੍ਹਣ 'ਤੇ ਲਿਖਾਂਗੀ ਸ਼ਾਨਦਾਰ ਸਪੀਚ
ਕਿਸਾਨੀ ਸੰਘਰਸ਼ ਖਿਲਾਫ਼ ਕੰਗਨਾ ਰਣੌਤ ਨੇ ਫਿਰ ਕੀਤੇ ਵਿਵਾਦਤ ਟਵੀਟ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਕਿਸਾਨ ਔਰਤਾਂ ਬਾਰੇ ਵਿਵਾਦਤ ਬਿਆਨ ਦੇਣ ਦੇ ਚਲਦਿਆਂ ਦੇਸ਼ ਭਰ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅਲੋਚਨਾ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪੰਜਾਬੀ ਗਾਇਕ ਤੇ ਪੰਜਾਬੀ ਅਦਾਕਾਰ ਵਿਚ ਕੰਗਨਾ ਦਾ ਵਿਰੋਧ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਹਰ ਕੋਈ ਕੰਗਨਾ ਦੇ ਬਾਈਕਾਟ ਦੀ ਮੰਗ ਕਰ ਰਿਹਾ ਹੈ। ਇਸ ਸਭ ਦੌਰਾਨ ਕਿਸਾਨੀ ਸੰਘਰਸ਼ ਖਿਲਾਫ਼ ਕੰਗਨਾ ਰਣੌਤ ਨੇ ਫਿਰ ਵਿਵਾਦਤ ਟਵੀਟ ਕੀਤੇ। ਕੰਗਨਾ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਾਹੀਨ ਬਾਗ ਦੀ ਤਰ੍ਹਾਂ ਇਹਨਾਂ ਧਰਨਿਆਂ ਦਾ ਰਾਜ ਖੁੱਲ੍ਹ ਜਾਵੇਗਾ ਤੇ ਇਸ 'ਤੇ ਉਹ ਸ਼ਾਨਦਾਰ ਸਪੀਚ ਲਿਖੇਗੀ।
ਕੰਗਨਾ ਨੇ ਟਵਿਟਰ 'ਤੇ ਲਿਖਿਆ,
'ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ, ਮੈਂ ਸਭ ਦੇਖ ਰਹੀ ਹਾਂ। ਕਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਮਾਸੂਮਾਂ ਨੂੰ ਭੜਕਾ ਰਹੇ ਹੋ ਤੇ ਉਹਨਾਂ ਦੀ ਵਰਤੋਂ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਹਨਾਂ ਧਰਨਿਆਂ ਦਾ ਰਹੱਸ ਖੁੱਲ਼੍ਹੇਗਾ ਤਾਂ ਮੈਂ ਇਕ ਸ਼ਾਨਦਾਰ ਸਪੀਚ ਲਿਖਾਂਗੀ ਤੇ ਤੁਹਾਡਾ ਮੂੰਹ ਕਾਲਾ ਕਰਾਂਗੀ'।
ਦਿਲਜੀਤ ਦੁਸਾਂਝ 'ਤੇ ਭੜਕੀ ਕੰਗਨਾ
ਇਸ ਤੋਂ ਬਾਅਦ ਪੰਜਾਬੀ ਕਲਾਕਾਰ ਤੇ ਅਦਾਕਾਰ ਦਿਲਜੀਤ ਦੁਸਾਂਝ ਖਿਲਾਫ਼ ਵੀ ਵਿਵਾਦਤ ਟਵੀਟ ਕੀਤਾ। ਦਰਅਸਲ ਦਿਲਜੀਤ ਦੁਸਾਂਝ ਨੇ ਕਿਸਾਨ ਔਰਤਾਂ ਖਿਲਾਫ ਵਿਵਾਦਤ ਬਿਆਨ ਲਈ ਕੰਗਨਾ ਰਣੌਤ ਨੂੰ ਨਸੀਹਤ ਦਿੱਤੀ ਸੀ, ਜਿਸ ਦੇ ਜਵਾਬ ਵਿਚ ਕੰਗਨਾ ਨੇ ਦਿਲਜੀਤ ਨੂੰ ਕਰਨ ਜੋਹਰ ਦਾ ਪਾਲਤੂ ਦੱਸਿਆ।
ਕੰਗਨਾ ਨੇ ਟਵੀਟ ਕੀਤਾ,
'ਓ ਕਰਨ ਜੋਹਰ ਦੇ ਪਾਲਤੂ! ਜੋ ਦਾਦੀ ਸ਼ਾਹੀਨ ਬਾਗ ਵਿਚ ਅਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ ਉਹ ਬਿਲਕਿਸ ਬਾਨੋ ਦਾਦੀ ਕਿਸਾਨਾਂ ਦੇ ਐਮਐਸਪੀ ਲਈ ਵੀ ਧਰਨਾ ਦਿੰਦੇ ਹੋਏ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਤੁਸੀਂ ਲੋਕਾਂ ਨੇ? ਇਸ ਨੂੰ ਬੰਦ ਕਰੋ।'
ਇਹਨਾਂ ਵਿਵਾਦਤ ਬਿਆਨਾਂ ਲਈ ਕੰਗਨਾ ਰਣੌਤ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।