ਫਿਲਮੀ ਪੁਰਸਕਾਰ ਸਮਾਰੋਹਾਂ ’ਚ ਬਹੁਤ ਸਿਆਸਤ ਹੁੰਦੀ ਹੈ : ਜਸਲੀਨ ਰਾਇਲ 

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ, ਪੁਰਸਕਾਰ ਜੇਤੂ ਪੰਜਾਬੀ ਮੂਲ ਦੀ ਸੰਗੀਤਕਾਰ ਨੇ ਕਿਹਾ ਕਿ ‘ਐਵਾਰਡ ਪ੍ਰੋਗਰਾਮ’ ’ਚ ਪੁਰਸਕਾਰ ਜਿੱਤਣ ਵਾਲੇ ਤੋਂ ਜ਼ਿਆਦਾ ਧਿਆਨ ਪੁਰਸਕਾਰ ਦੇਣ ਵਾਲੇ ਨੂੰ ਦਿਤਾ ਜਾਂਦੈ

Jasleen Royal

ਨਵੀਂ ਦਿੱਲੀ: ਗਾਇਕਾ ਜਸਲੀਨ ਰਾਇਲ ਦਾ ਕਹਿਣਾ ਹੈ ਕਿ ਉਹ ਪੁਰਸਕਾਰ ਸਮਾਰੋਹਾਂ ਦੀ ਪ੍ਰਸ਼ੰਸਕ ਨਹੀਂ ਹੈ ਕਿਉਂਕਿ ਉੱਥੇ ਬਹੁਤ ਸਿਆਸਤ ਹੁੰਦੀ ਹੈ। ਜਸਲੀਨ ਰਾਇਲ ਨੂੰ 2022 ’ਚ ਫਿਲਮ ‘ਸ਼ੇਰਸ਼ਾਹ’ ਲਈ ਬਿਹਤਰੀਨ ਸੰਗੀਤ ਨਿਰਦੇਸ਼ਕ ਦਾ ਫਿਲਮਫੇਅਰ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪੁਰਸਕਾਰਾਂ ਦਾ ਅਪਮਾਨ ਨਹੀਂ ਕਰ ਰਹੇ ਹਨ, ਪਰ ਪੁਰਸਕਾਰਾਂ ’ਚ ਧਿਆਨ ਇਸ ਗੱਲ ’ਤੇ ਵਧੇਰੇ ਰਹਿੰਦਾ ਕਿ ਪੁਰਸਕਾਰ ਕਿਸ ਨੇ ਦਿਤਾ ਹੈ ਨਾ ਕਿ ਪੁਰਸਕਾਰ ਕੌਣ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਵੇਖਿਆ ਹੈ ਕਿ ਪੁਰਸਕਾਰਾਂ ਲਈ ਚੁਣੇ ਗਏ ਲੋਕ ਪਿੱਛੇ ਬੈਠੇ ਹਨ, ਪਰ ਕੁੱਝ ਮਸ਼ਹੂਰ ਲੋਕ, ਜਿਨ੍ਹਾਂ ਦਾ ਇਸ ਸਮਾਗਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅੱਗੇ ਬੈਠੇ ਹਨ। ਉੱਥੇ ਬਹੁਤ ਰਾਜਨੀਤੀ ਹੁੰਦੀ ਹੈ।’’

ਸੰਗੀਤਕਾਰ ਰਾਇਲ ਨੇ ਕਿਹਾ, ‘‘ਤੁਸੀਂ ਘਬਰਾਹਟ ਮਹਿਸੂਸ ਕਰਦੇ ਹੋ ਅਤੇ ਕਈ ਵਾਰ ਤੁਹਾਨੂੰ ਮਹਿਸੂਸ ਹੁੰਦਾ ਹੈ, ‘ਕੀ ਤੁਹਾਨੂੰ ਕੋਈ ਜਾਣਦਾ ਵੀ ਹੈ?’ ਕੋਈ ਤੁਹਾਨੂੰ ਇਸ ਤਰ੍ਹਾਂ ਨਹੀਂ ਕਹੇਗਾ ਕਿ ‘ਵਾਹ! ਤੁਹਾਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ, ਆਓ, ਸਾਡੇ ਨਾਲ ਬੈਠੋ, ਤੁਸੀਂ ਕਿੰਨਾ ਸ਼ਾਨਦਾਰ ਕੰਮ ਕੀਤਾ ਹੈ।’ ਇਸ ਲਈ ਮੈਂ ਪੁਰਸਕਾਰ ਸਮਾਰੋਹਾਂ ਦੀ ਵੱਡਾ ਪ੍ਰਸ਼ੰਸਕ ਨਹੀਂ ਹਾਂ। ਉੱਥੇ ਬਹੁਤ ਵੀ.ਆਈ.ਪੀ. ਸਭਿਆਚਾਰ ਚਲਦਾ ਹੈ।’’

‘ਹੀਰੀਏ’, ‘ਰਾਂਝਾ’, ‘ਲਵ ਯੂ ਜ਼ਿੰਦਗੀ’ ਅਤੇ ‘ਦਿਨ ਸ਼ਗਨਾ ਦਾ’ ਵਰਗੇ ਮਸ਼ਹੂਰ ਗੀਤਾਂ ਨਾਲ 32 ਸਾਲ ਦੀ ਇਸ ਸੰਗੀਤਕਾਰ ਨੇ ਹਾਲ ਹੀ ’ਚ ਰੋਮਾਂਟਿਕ ਗੀਤ ‘ਦਸਤੂਰ’ ਰਿਲੀਜ਼ ਕੀਤਾ ਹੈ, ਜਿਸ ’ਚ ਬਾਬਿਲ ਖਾਨ, ਅਕਾਂਸ਼ਾ ਰੰਜਨ ਕਪੂਰ, ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਮੁੱਖ ਭੂਮਿਕਾ ’ਚ ਹਨ। ਗੀਤ ’ਚ ਰਾਇਲ ਅਤੇ ਖਾਨ ਨੂੰ ਨੌਜੁਆਨ ਪ੍ਰੇਮੀਆਂ ਵਜੋਂ ਵਿਖਾਇਆ ਗਿਆ ਹੈ ਜੋ ਜਮਾਤੀ ਵੰਡ ਕਾਰਨ ਵੱਖ ਹੋ ਜਾਂਦੇ ਹਨ ਅਤੇ ਦਹਾਕਿਆਂ ਬਾਅਦ ਮਿਲਦੇ ਹਨ। ਗੁਪਤਾ ਅਤੇ ਸ਼ਰਾਫ, ਜਿਨ੍ਹਾਂ ਨੇ ਹਾਲ ਹੀ ’ਚ ਪ੍ਰਾਈਮ ਵੀਡੀਉ  ਫਿਲਮ ‘ਮਸਤ ਮੇਂ ਰਹਿਨੇ ਕਾ’ ’ਚ ਸਹਿ-ਅਭਿਨੈ ਕੀਤਾ ਸੀ, ਮੁੱਖ ਭੂਮਿਕਾਵਾਂ ਦੇ ਬਜ਼ੁਰਗ ਰੂਪ ਦੀ ਭੂਮਿਕਾ ਨਿਭਾਉਂਦੇ ਹਨ। 

ਸਾਲ 2009 ’ਚ ‘ਇੰਡੀਆਜ਼ ਗੌਟ ਟੈਲੈਂਟ’ ਦੇ ਪਹਿਲੇ ਸੀਜ਼ਨ ’ਚ ਸੈਮੀਫਾਈਨਲ ’ਚ ਪਹੁੰਚਣ ਤੋਂ ਬਾਅਦ ਪਹਿਲੀ ਵਾਰ ਪ੍ਰਸਿੱਧੀ ਹਾਸਲ ਕਰਨ ਵਾਲੀ ਰਾਇਲ ਨੇ ਇਨ੍ਹਾਂ ਰਿਐਲਿਟੀ ਸ਼ੋਅ ਜ਼ਰੀਏ ਆਉਣ ਵਾਲੀ ’ਤੇਜ਼ ਪ੍ਰਸਿੱਧੀ’ ਬਾਰੇ ਵੀ ਗੱਲ ਕੀਤੀ। ਲੁਧਿਆਣਾ ’ਚ ਜਨਮੀ ਗਾਇਕਾ ਅਨੁਸਾਰ, ਇਕ ਰਿਐਲਿਟੀ ਸ਼ੋਅ ਰਾਹੀਂ ਪ੍ਰਾਪਤ ਕੀਤੀ ਪ੍ਰਸਿੱਧੀ ਸਿਰਫ ਇਕ  ਸ਼ੁਰੂਆਤ ਹੈ ਅਤੇ ਕਲਾਕਾਰ ਲਈ ਅਸਲ ਕੰਮ ਜਲਦੀ ਹੀ ਸ਼ੁਰੂ ਹੋ ਜਾਂਦਾ ਹੈ। ਰਿਐਲਿਟੀ ਸ਼ੋਅ ਦੇ ਜੇਤੂ ਸਮੇਤ ਭਾਗੀਦਾਰ ਅਗਲੇ ਸੀਜ਼ਨ ਦੇ ਬਾਹਰ ਆਉਣ ਤਕ  ਲੋਕਾਂ ਦੀਆਂ ਯਾਦਾਂ ’ਚ ਤਾਜ਼ਾ ਰਹਿੰਦੇ ਹਨ।

ਉਨ੍ਹਾਂ ਕਿਹਾ, ‘‘ਇਹ ਇਸ ਬਾਰੇ ਹੈ ਕਿ ਤੁਸੀਂ ਉਸ ਛੋਟੀ ਜਿਹੀ ਮਸ਼ਹੂਰੀ ਦੀ ਵਰਤੋਂ ਕਿਵੇਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਤੁਹਾਨੂੰ ਮਿਲੀ ਸੀ ਅਤੇ ਅਪਣਾ ਸੰਗੀਤ ਪੇਸ਼ ਕਰ ਰਹੇ ਹੋ। ਕਿਉਂਕਿ ਸਿਰਫ਼ ਤੁਹਾਡਾ ਕੰਮ ਜਾਂ ਤੁਹਾਡੇ ਗੀਤ ਹੀ ਤੁਹਾਨੂੰ ਲੰਮੇ ਸਮੇਂ ਤਕ ਕਾਇਮ ਰੱਖ ਸਕਦੇ ਹਨ, ਅਤੇ ਤੁਹਾਨੂੰ ਸਦੀਵੀ ਬਣਾ ਸਕਦੇ ਹਨ। ਇਸ ਲਈ, ਤੁਹਾਨੂੰ ਉਸ ਰਿਐਲਿਟੀ ਸ਼ੋਅ ਤੋਂ ਬਾਹਰ ਨਿਕਲਦੇ ਹੀ ਕੰਮ ਕਰਨਾ ਸ਼ੁਰੂ ਕਰਨ ਦੀ ਜ਼ਰੂਰਤ ਹੈ।’’