5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ 'ਪੀਐਮ ਨਰਿੰਦਰ ਮੋਦੀ' ਫ਼ਿਲਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ ਦੇ ਪ੍ਰੋਡੀਊਸਰ ਸੰਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ 'ਤੇ ਦਿੱਤੀ ਜਾਣਕਾਰੀ

PM Modi biopic

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫ਼ਿਲਮ 'ਪੀਐਮ ਨਰਿੰਦਰ ਮੋਦੀ' 5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ। ਫ਼ਿਲਮ ਦੇ ਪ੍ਰੋਡੀਊਸਰ ਸੰਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਇਹ ਕਨਫ਼ਰਮ ਹੈ ਕਿ ਸਾਡੀ ਫ਼ਿਲਮ 'ਪੀਐਮ ਨਰਿੰਦਰ ਮੋਦੀ' 5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਦੀ ਨਵੀਂ ਤਰੀਕ ਦਾ ਐਲਾਨ ਛੇਤੀ ਹੋ ਜਾਵੇਗਾ।" ਉਧਰ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ 'ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ।

 


 

ਵਕੀਲ ਅਤੇ ਕਾਂਗਰਸ ਬੁਲਾਰੇ ਅਮਨ ਪੰਵਾਰ ਨੇ ਸੁਪਰੀਮ ਕੋਰਟ ਨੇ ਪਟੀਸ਼ਨ ਦਾਖ਼ਲ ਕਰ ਕੇ ਫ਼ਿਲਮ ਦੀ ਰਿਲੀਜ਼ ਅਤੇ ਉਸ ਦੇ ਇਸ਼ਤਿਹਾਰ ਅਤੇ ਪ੍ਰਰੋਮੋ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਵੀਰਵਾਰ ਨੂੰ ਪਟੀਸ਼ਨਕਰਤਾ ਅਮਨ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਅਦਾਲਤ ਵਿਚ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਫ਼ਿਲਮ ਦੀ ਰਿਲੀਜ਼ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਰਿਲੀਜ਼ ਹੋਣ ਨਾਲ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਭਾਵਿਤ ਹੋ ਸਕਦੀ ਹੈ।

 

 

ਸਿੰਘਵੀ ਨੇ ਕਿਹਾ ਕਿ ਇਹ ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਮੀਡੀਆ ਰਿਪੋਰਟ 'ਚ ਆ ਰਿਹਾ ਹੈ ਕਿ ਫ਼ਿਲਮ ਦੀ ਰਿਲੀਜ਼ ਕੁਝ ਦਿਨ ਲਈ ਟਲ਼ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਚੋਣ ਚੱਲ ਰਹੀ ਹੈ ਤੇ ਫ਼ਿਲਮ ਦੀ ਰਿਲੀਜ਼ ਨਾਲ ਚੋਣ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਫ਼ਿਲਮ ਇਕ ਪਾਰਟੀ ਦੇ ਬਾਰੇ ਵਿਚ ਗੱਲ ਕਰਦੀ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਅਦਾਲਤ ਚੋਣ ਹੋਣ ਤਕ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਏ। ਅਦਾਲਤ ਆਦੇਸ਼ ਦੇਵੇ ਕਿ ਚੋਣ ਦੌਰਾਨ ਚੋਣ ਜ਼ਾਬਤਾ ਲਾਗੂ ਹੈ ਅਤੇ ਇਸ ਦੌਰਾਨ ਫਿਲਮ ਦੇ ਪ੍ਰਰੋਮੋ ਦਾ ਇਸ਼ਤਿਹਾਰ ਜਾਂ ਫਿਲਮ ਦਾ ਪ੍ਰਮੋਸ਼ਨ, ਚੋਣ ਜ਼ਾਬਤਾ ਅਤੇ ਹੋਰ ਚੋਣ ਕਾਨੂੰਨਾਂ ਦਾ ਉਲੰਘਣ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਬੰਬੇ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਮਨ੍ਹਾ ਕਰ ਚੁੱਕਾ ਹੈ।