ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਉਸ ਦੇ ਘਰ ਵਿਚ ਪਾਰਟੀ ਨਹੀਂ ਹੋਈ ਸੀ : ਮੁੰਬਈ ਪੁਲਿਸ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਦੇ ਬੈਂਕ ਖਾਤੇ ਵਿਚ ਚਾਰ ਕਰੋੜ ਰੁਪਏ ਹਨ

Sushant Singh

ਮੁੰਬਈ, 3 ਅਗੱਸਤ : ਮੁੰਬਈ ਪੁਲਿਸ ਦੇ ਮੁਖੀ ਪਰਮਬੀਰ ਸਿੰਘ ਨੇ ਕਿਹਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ 13 ਜੂਨ ਨੂੰ ਕੋਈ ਪਾਰਟੀ ਨਹੀਂ ਹੋਈ ਸੀ। ਇਸ ਦੇ ਅਗਲੇ ਦਿਨ ਹੀ ਉਹ ਅਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੇ ਸਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੁੰਬਈ ਪੁਲਿਸ ਦੀ ਜਾਂਚ ਵਿਚ ਕਿਸੇ ਵੀ ਆਗੂ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਦੀ ਪੁਲਿਸ ਨਾਲ ਸਹਿਯੋਗ ਕਰਨ ਦਾ ਸਵਾਲ ਹੀ ਨਹੀਂ। ਪੁਲਿਸ ਮੁਖੀ ਨੇ ਕਿਹਾ ਕਿ ਮੁੰਬਈ ਪੁਲਿਸ ਦੀ ਜਾਂਚ ਸਹੀ ਦਿਸ਼ਾ ਵਿਚ ਚੱਲ ਰਹੀ ਹੈ ਅਤੇ ਮਾਮਲੇ ਦੀ ਜਾਂਚ ਹਰ ਬਿੰਦੂ ਤੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਅਦਾਕਾਰ ਨੂੰ ਬਾਇਪੋਲਰ ਬੀਮਾਰੀ ਸੀ ਜਿਸ ਦੀ ਉਹ ਦਵਾਈ ਲੈ ਰਹੇ ਸਨ। ਉਨ੍ਹਾਂ ਕਿਹਾ, 'ਕਿਹੜੀਆਂ ਹਾਲਤਾਂ ਵਿਚ ਉਨ੍ਹਾਂ ਦੀ ਮੌਤ ਹੋਈ, ਇਹ ਸਾਡੇ ਲਈ ਜਾਂਚ ਦਾ ਵਿਸ਼ਾ ਹੈ।' ਪੁਲਿਸ ਮੁਖੀ ਨੇ ਕਿਹਾ ਕਿ ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਅੱਠ ਜੂਨ ਨੂੰ ਹੋਈ ਮੌਤ ਨਾਲ ਉਸ ਦਾ ਨਾਮ ਜੋੜੇ ਕਾਰਨ ਅਦਾਕਾਰ ਦੁਖੀ ਸੀ। ਉਨ੍ਹਾਂ ਕਿਹਾ, 'ਬਿਹਾਰ ਪੁਲਿਸ ਦੇ ਪਰਚੇ ਵਿਚ ਕਿਹਾ ਗਿਆ ਹੈ ਕਿ ਸੁਸ਼ਾਂਤ ਦੇ ਖਾਤੇ ਵਿਚੋਂ 15 ਕਰੋੜ ਰੁਪਏ ਕੱਢੇ ਗਏ ਹਨ। ਜਾਂਚ ਦੌਰਾਨ ਅਸੀਂ ਵੇਖਿਆ ਕਿ ਉਸ ਦੇ ਖਾਤੇ ਵਿਚ 18 ਕਰੋੜ ਰੁਪਏ ਸਨ ਜਿਸ ਵਿਚੋਂ ਸਾਢੇ ਚਾਰ ਕਰੋੜ ਰੁਪਏ ਹਾਲੇ ਵੀ ਹਨ।' ਉਨ੍ਹਾਂ ਕਿਹਾ ਕਿ ਸੁਸ਼ਾਂਤ ਦੀ ਸਾਬਕਾ ਦੋਸਤ ਰੀਆ ਚਕਰਵਰਤੀ ਦੇ ਖਾਤੇ ਵਿਚੋਂ ਮਨੀ ਟਰਾਂਸਫ਼ਰ ਦੀ ਪੁਸ਼ਟੀ ਹਾਲੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੁਸ਼ਾਂਤ ਦੇ ਪਿਤਾ, ਭੈਣ ਅਤੇ ਜੀਜਾ ਦੇ ਬਿਆਨ 16 ਜੂਨ ਨੂੰ ਦਰਜ ਕੀਤੇ ਗਏ ਸਨ।