ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖ਼ਬਰ ਫੈਲਾਉਣ ਵਾਲੀ ਕੰਪਨੀ ਨੇ ਮੰਗੀ ਮੁਆਫੀ, ਅਦਾਕਾਰਾ ਬਾਰੇ ਦਿਤੀ ਨਵੀਂ ਜਾਣਕਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ, ਪੂਨਮ ਪਾਂਡੇ ਦੀ ਪਹੁੰਚ ਦੇ ਨਤੀਜੇ ਵਜੋਂ ‘ਸਰਵਾਈਕਲ ਕੈਂਸਰ ਅਤੇ ਇਸ ਨਾਲ ਸਬੰਧਤ ਸ਼ਬਦ ‘ਖੋਜ ਇੰਜਣਾਂ’ ’ਤੇ ਸੱਭ ਤੋਂ ਵੱਧ ਖੋਜੇ ਜਾਣ ਵਾਲੇ ਵਿਸ਼ੇ ਬਣ ਗਏ

Actress Poonam Pandey

ਮੁੰਬਈ: ਪਿਛਲੇ ਹਫਤੇ ਅਦਾਕਾਰਾ-ਮਾਡਲ ਪੂਨਮ ਪਾਂਡੇ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੀ ਮੀਡੀਆ ਕੰਪਨੀ ਸ਼ਬਾਂਗ ਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਅਪਣੇ ਤਰੀਕੇ ਲਈ ਆਲੋਚਨਾ ਤੋਂ ਬਾਅਦ ਮੁਆਫੀ ਮੰਗੀ ਹੈ। 

ਮੁੰਬਈ ਅਧਾਰਤ ਕੰਪਨੀ ਨੇ ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਇਕ ਬਿਆਨ ਵਿਚ ਮਨਜ਼ੂਰ ਕੀਤਾ ਕਿ ਉਹ ਫਰਜ਼ੀ ਖ਼ਬਰਾਂ ਦਾ ਹਿੱਸਾ ਹੈ, ਜਿਸ ਦੀ ਸੋਸ਼ਲ ਮੀਡੀਆ ’ਤੇ ਮਸ਼ਹੂਰ ਹਸਤੀਆਂ ਅਤੇ ਪ੍ਰਯੋਗਕਰਤਾਵਾਂ ਨੇ ਸਖਤ ਆਲੋਚਨਾ ਕੀਤੀ ਹੈ। ਕੰਪਨੀ ਨੇ ਕੈਂਸਰ ਤੋਂ ਪ੍ਰਭਾਵਤ ਲੋਕਾਂ ਤੋਂ ਮੁਆਫੀ ਮੰਗੀ, ਪਰ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਮੁਹਿੰਮ ਨੇ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ’ਚ ਬਹੁਤ ਵਧੀਆ ਨਤੀਜੇ ਦਿਤੇ ਹਨ। 

ਸ਼ਬਾਂਗ ਨੇ ਕਿਹਾ, ‘‘ਅਸੀਂ ਹਾਉਟਰਫਲਾਈ ਦੇ ਸਹਿਯੋਗ ਨਾਲ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਪੂਨਮ ਪਾਂਡੇ ਦੀ ਪਹਿਲਕਦਮੀ ’ਚ ਸ਼ਾਮਲ ਸੀ। ਇਸ ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਸ਼ੁਰੂ ਕਰਨ ਲਈ, ਅਸੀਂ ਦਿਲੋਂ ਮੁਆਫੀ ਮੰਗਣਾ ਚਾਹੁੰਦੇ ਹਾਂ - ਖ਼ਾਸਕਰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਕੋਈ ਪਿਆਰਾ ਕਿਸੇ ਵੀ ਕਿਸਮ ਦੇ ਕੈਂਸਰ ਨਾਲ ਪੀੜਤ ਹੋਇਆ ਹੈ।’’

ਕੰਪਨੀ ਦੇ ਨਵੀਂ ਦਿੱਲੀ, ਬੈਂਗਲੁਰੂ ਅਤੇ ਲੰਡਨ ’ਚ ਵੀ ਦਫਤਰ ਹਨ। ਕੰਪਨੀ ਨੇ ਅਪਣੀ ਕਾਰਵਾਈ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਪਾਂਡੇ ਦੀ ਮੌਤ ਦੀ ਗਲਤ ਜਾਣਕਾਰੀ ਫੈਲਾਉਣ ਦਾ ਇਕੋ ਇਕ ਉਦੇਸ਼ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਵਧਾਉਣਾ ਸੀ। 

ਉਨ੍ਹਾਂ ਕਿਹਾ, ‘‘ਤੁਹਾਡੇ ’ਚੋਂ ਬਹੁਤ ਸਾਰੇ ਅਣਜਾਣ ਹੋ ਸਕਦੇ ਹਨ, ਪਰ ਪੂਨਮ ਦੀ ਮਾਂ ਨੇ ਬਹਾਦਰੀ ਨਾਲ ਕੈਂਸਰ ਦਾ ਮੁਕਾਬਲਾ ਕੀਤਾ ਹੈ। ਜਦੋਂ ਉਸ ਦਾ ਕੋਈ ਨਜ਼ਦੀਕੀ ਵਿਅਕਤੀ ਅਜਿਹੀ ਬਿਮਾਰੀ ਨਾਲ ਲੜਨ ਦੀਆਂ ਚੁਨੌਤੀਆਂ ’ਚੋਂ ਲੰਘਦਾ ਹੈ, ਤਾਂ ਉਹ ਰੋਕਥਾਮ ਦੀ ਮਹੱਤਤਾ ਅਤੇ ਜਾਗਰੂਕਤਾ ਦੀ ਗੰਭੀਰਤਾ ਨੂੰ ਸਮਝਦੀ ਹੈ, ਖ਼ਾਸਕਰ ਜਦੋਂ ਕੋਈ ਟੀਕਾ ਉਪਲਬਧ ਹੋਵੇ।’’

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੰਤਰਿਮ ਬਜਟ 2024 ਦੇ ਤਹਿਤ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਸਰਵਾਈਕਲ ਐਂਟੀ-ਕੈਂਸਰ ਟੀਕਾਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਸਰਕਾਰ ਦੀ ਯੋਜਨਾ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਸ਼ੁਕਰਵਾਰ ਨੂੰ ਪਾਂਡੇ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਫੈਲਣੀਆਂ ਸ਼ੁਰੂ ਹੋ ਗਈਆਂ। 

ਬਿਆਨ ਵਿਚ ਮੀਡੀਆ ਕੰਪਨੀ ਨੇ ਦਾਅਵਾ ਕੀਤਾ ਕਿ ਜਦੋਂ ਸੀਤਾਰਮਨ ਨੇ ਬਜਟ ਸੈਸ਼ਨ ਦੌਰਾਨ ਇਸ ਦਾ ਜ਼ਿਕਰ ਕੀਤਾ ਤਾਂ ਸਰਵਾਈਕਲ ਕੈਂਸਰ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਨਹੀਂ ਬਦਲੀ। ਸ਼ਬੰਗ ਨੇ ਇਹ ਵੀ ਦਾਅਵਾ ਕੀਤਾ ਕਿ ਪਾਂਡੇ ਦੀ ਪਹੁੰਚ ਦੇ ਨਤੀਜੇ ਵਜੋਂ ‘ਸਰਵਾਈਕਲ ਕੈਂਸਰ ਅਤੇ ਇਸ ਨਾਲ ਸਬੰਧਤ ਸ਼ਬਦ ‘ਖੋਜ ਇੰਜਣਾਂ’ ’ਤੇ ਸੱਭ ਤੋਂ ਵੱਧ ਖੋਜੇ ਜਾਣ ਵਾਲੇ ਵਿਸ਼ੇ ਬਣ ਗਏ।