ਹਰਿਆਣਾ ਸਰਕਾਰ ਪਿੰਜੌਰ ’ਚ ਫਿਲਮ ਸਿਟੀ ਵਿਕਸਤ ਕਰੇਗੀ : ਮੁੱਖ ਮੰਤਰੀ ਸੈਣੀ
ਜ਼ਮੀਨ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁਕੀ ਹੈ ਅਤੇ ਪ੍ਰਾਜੈਕਟ ਲਈ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨਿਚਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ਕਲਾਕਾਰਾਂ ਦੀ ਸਹਾਇਤਾ ਅਤੇ ਫਿਲਮ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਵਿਖੇ ਫਿਲਮ ਸਿਟੀ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਸਿਟੀ 100 ਏਕੜ ਜ਼ਮੀਨ ’ਤੇ ਸਥਾਪਤ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜ਼ਮੀਨ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁਕੀ ਹੈ ਅਤੇ ਪ੍ਰਾਜੈਕਟ ਲਈ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਮ ਸਿਟੀ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਉਮੀਦ ਹੈ।
ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ’ਚ ਇਕ ਹੋਰ ਫਿਲਮ ਸਿਟੀ ਵਿਕਸਤ ਕੀਤੀ ਜਾਵੇਗੀ ਅਤੇ ਇਸ ਪੜਾਅ ਲਈ ਜ਼ਮੀਨ ਦੀ ਚੋਣ ਪ੍ਰਕਿਰਿਆ ਇਸ ਸਮੇਂ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਨਾ ਸਿਰਫ ਫਿਲਮ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ ਬਲਕਿ ਸੂਬੇ ’ਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਮੁੱਖ ਮੰਤਰੀ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿਖੇ ਆਯੋਜਿਤ ਦੋ ਰੋਜ਼ਾ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਫਿਲਮੀ ਕਲਾਕਾਰਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸਾਰ ਭਾਰਤੀ ਦੇ ਤਾਲਮੇਲ ਨਾਲ ਦੂਰਦਰਸ਼ਨ ’ਤੇ ਹਰ ਹਫਤੇ ਇਕ ਹਰਿਆਣਵੀ ਫਿਲਮ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸੈਣੀ ਨੇ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਯੂਨੀਵਰਸਿਟੀਆਂ ’ਚ ਫਿਲਮ ਨਿਰਮਾਣ ਕੋਰਸ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਦਾਦਾ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ (ਸੁਪਵੀਆ) ਨੂੰ ਸੌਂਪੀ ਜਾਵੇਗੀ।