ਅਦਾਕਾਰ ਸਲਮਾਨ ਖ਼ਾਨ ਤੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੱਤਰ 'ਚ ਲਿਖਿਆ ਹੈ ਕਿ ਸਲਮਾਨ ਖਾਨ ਨੂੰ ਵੀ ਉਸੇ ਤਰ੍ਹਾਂ ਮਾਰਾਂਗੇ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਸੀ
ਮੁੰਬਈ - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੇ ਉਹਨਾਂ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਿਛਲੇ ਦਿਨੀਂ ਹੀ ਸਰਕਾਰ ਨੇ ਸਲਮਾਨ ਖਾਨ ਦੀ ਸੁਰੱਖਿਆ ਵਾਧਾ ਕੀਤਾ ਸੀ। ਹੁਣ ਇਕ ਅਣਜਾਣ ਵਿਅਕਤੀ ਵੱਲੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਇਕ ਪੱਤਰ ਮਿਲਿਆ ਹੈ ਜਿਸ 'ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਪੱਤਰ 'ਚ ਲਿਖਿਆ ਹੈ ਕਿ ਸਲਮਾਨ ਖਾਨ ਨੂੰ ਵੀ ਉਸੇ ਤਰ੍ਹਾਂ ਮਾਰਾਂਗੇ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਿਸ ਨੇ ਬਾਂਦਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਪੱਤਰ ਕਿਸ ਨੇ ਭੇਜਿਆ ਹੈ ਅਤੇ ਕਿਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ, ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਿਸ਼ਨੋਈ ਉਹ ਵਿਅਕਤੀ ਹੈ ਜਿਸ 'ਤੇ ਦੋਸ਼ ਹੈ ਕਿ ਉਸ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ।