ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ : ਅਦਾਕਾਰ ਗੁਫੀ ਪੇਂਟਲ (78) ਦਾ ਹੋਇਆ ਦੇਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਹਾਭਾਰਤ ’ਚ ਨਿਭਾਇਆ ਸੀ ਸ਼ਕੁਨੀ ਦਾ ਕਿਰਦਾਰ

PHOTO

 

ਮੁੰਬਈ : ਟੈਲੀਵਿਜ਼ਨ ਲੜੀਵਾਰ ‘ਮਹਾਭਾਰਤ’ 'ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਉਹ ਹਰ ਘਰ ’ਚ ਜਾਣਿਆ ਜਾਣ ਵਾਲਾ ਚਿਹਰਾ ਬਣ ਗਏ ਸਨ।
ਗੁਫੀ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ’ਚ ਅੰਧੇਰੀ ਦੇ ਇਕ ਹਸਪਤਾਲ ਵਿਚ ਦਾਖ਼ਲ ਸਨ।

ਉਨ੍ਹਾਂ ਦੇ ਭਤੀਜੇ ਹਿਤੇਨ ਪਟੇਲ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ, ‘‘ਉਹ ਨਹੀਂ ਰਹੇ। ਸਵੇਰੇ 9 ਵਜੇ ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿਤਾ ਅਤੇ ਨੀਂਦ ’ਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ।’’

ਉਨ੍ਹਾਂ ਕਿਹਾ ਕਿ ਗੁਫ਼ੀ ਨੂੰ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਸਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਤਬੀਅਤ ਵਿਗੜਨ ਕਰਕੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਗੁਫੀ ਦੀ ਸਿਹਤ ਇੱਕ ਹਫ਼ਤਾ ਪਹਿਲਾਂ ਵਿਗੜ ਗਈ ਸੀ। ਉਸ ਸਮੇਂ ਉਹ ਫਰੀਦਾਬਾਦ ਵਿਚ ਸਨ। ਪਹਿਲਾਂ ਉਨ੍ਹਾਂ ਨੂੰ ਫਰੀਦਾਬਾਦ ਦੇ ਇੱਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਫਿਰ ਹਾਲਤ ਵਿਗੜਨ 'ਤੇ ਉਸ ਨੂੰ ਮੁੰਬਈ ਲਿਆਂਦਾ ਗਿਆ।

ਮਹਾਭਾਰਤ 'ਚ ਅਰਜੁਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਿਰੋਜ਼ ਖਾਨ ਨੇ ਕਿਹਾ, "ਗੁਫੀ ਪਿਛਲੇ ਦੋ ਦਿਨਾਂ ਤੋਂ ਹੋਸ਼ 'ਚ ਨਹੀਂ ਸੀ। ਉਹ ਆਈ.ਸੀ.ਯੂ. 'ਚ ਸੀ। ਗੁਫੀ ਦੀ ਵਜ੍ਹਾ ਕਾਰਨ ਹੀ ਉਸ ਨੂੰ ਮਹਾਭਾਰਤ 'ਚ ਕੰਮ ਮਿਲਿਆ ਸੀ। ਅਰਜੁਨ ਦੀ ਭੂਮਿਕਾ ਲਈ ਮੇਰਾ ਆਡੀਸ਼ਨ ਦਿਤਾ। ਮੈਂ ਇਸ ਦੇ ਲਈ ਹਮੇਸ਼ਾ ਗੁਫੀ ਦਾ ਧੰਨਵਾਦੀ ਰਹਾਂਗਾ।"

ਦਸ ਦੇਈਏ ਕਿ ਅਰਜੁਨ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਫਿਰੋਜ਼ ਨੇ ਆਪਣਾ ਨਾਂ ਫਿਰੋਜ਼ ਤੋਂ ਬਦਲ ਕੇ ਅਰਜੁਨ ਰੱਖ ਲਿਆ ਸੀ। ਅੱਜ ਉਹ ਅਰਜੁਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

80 ਦੇ ਦਹਾਕੇ ਵਿਚ ਗੁਫੀ ਕਈ ਫਿਲਮਾਂ ਅਤੇ ਟੀ.ਵੀ. ਸ਼ੋਅ ਵਿਚ ਦਿਖਾਈ ਦਿਤੇ। ਪੇਂਟਲ ਨ ‘ਸੁਹਾਗ’, ‘ਦਿਲਲਗੀ’,  ਵਰਗੀਆਂ ਫ਼ਿਲਮਾਂ ਕਰਨ ਦੇ ਨਾਲ ਹੀ ‘ਸੀ.ਆਈ.ਡੀ.’ ਅਤੇ ‘ਹੈਲੋ ਇੰਸਪੈਕਟਰ’ ਵਰਗੇ ਟੈਲੀਵਿਜ਼ਨ ਲੜੀਵਾਰ ਵੀ ਕੀਤੇ। ਪੇਂਟਲ ਦੇ ਪਰਿਵਾਰ ’ਚ ਉਨ੍ਹਾਂ ਦਾ ਬੇਟਾ, ਨੂੰਹ ਅਤੇ ਪੋਤਾ ਹਨ।

ਹਾਲਾਂਕਿ, ਗੁਫੀ ਨੂੰ ਅਸਲੀ ਪਛਾਣ 1988 ਵਿਚ ਬੀ.ਆਰ. ਚੋਪੜਾ ਦੇ ਸੁਪਰਹਿੱਟ ਸ਼ੋਅ 'ਮਹਾਭਾਰਤ' ਤੋਂ ਹੀ ਮਿਲੀ। ਗੁਫੀ ਨੂੰ ਆਖਰੀ ਵਾਰ ਸਟਾਰ ਭਾਰਤ ਦੇ ਸ਼ੋਅ 'ਜੈ ਕਨ੍ਹਈਆ ਲਾਲ ਕੀ' 'ਚ ਦੇਖਿਆ ਗਿਆ ਸੀ।