ਸਿਲਵਰ ਸਕ੍ਰੀਨ ਦੀਆਂ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਡਿਪਰੈਸ਼ਨ ’ਚ ਆ ਕੇ ਤਿੰਨ ਸਾਲਾਂ ’ਚ ਹਾਰੀ ਆਪਣੀ ਜ਼ਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਜਿਹਾ ਹੀ ਕੁਝ ਵਾਪਰ ਰਿਹਾ ਹੈ ਟੀਵੀ ਦੀ ਦੁਨੀਆਂ ਵਿਚ ਜਿਥੇ ਪਿਛਲੇ ਤਿੰਨ ਸਾਲਾਂ ਤੋਂ ਦਰਜਨਾਂ ਹੀ ਅਦਾਕਾਰਾਂ ਨੇ ਖੁਦਖੁਸ਼ੀ ਕਰ ਮੌਤ ਨੂੰ ਗਲ ਲੈ ਲਿਆ।

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ) :'ਖ਼ਵਾਬਾਂ ਦਾ ਸ਼ਹਿਰ' ਮੁੰਬਈ, ਜਿੱਥੇ ਲੱਖਾਂ ਲੋਕ ਹਰ ਰੋਜ਼ ਆਪਣੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੇ ਹਨ।ਖਾਸ ਗੱਲ ਹੈ ਕਿ ਹਰ ਪਲ ਰੋਸ਼ਨੀ ਨਾਲ ਗੁਲਜ਼ਾਰ ਰਹਿਣ ਵਾਲਾ ਇਹ ਸ਼ਹਿਰ ਕਦੇ ਨਹੀਂ ਸੌਂਦਾ। ਇਸ ਸ਼ਹਿਰ ਦੀ ਚਕਾਚੌਂਧ ਦੇ ਪਿੱਛੇ ਇੱਕ ਡੂੰਘਾ ਹਨੇਰਾ ਵੀ ਹੈ ਜਿਸ ਵਿੱਚ ਕਈ ਅਣਸੁਲਝੀਆਂ ਕਹਾਣੀਆਂ ਦਫ਼ਨ ਹਨ। ਜਦੋ ਸੁਪਨਿਆਂ ਦੇ ਸ਼ਹਿਰ ਵਿਚ ਸਾਰੇ ਸੁਪਨੇ ਟੁੱਟ ਕੇ ਸੁਆਹ ਹੋ ਜਾਂਦੇ ਹਨ, ਜਦੋ ਪੀੜ ਹੱਦ ਤੋਂ ਪਾਰ ਹੋ ਜਾਂਦੀ ਹੈ ਤਾਂ ਲੋਕ ਜ਼ਿੰਦਗੀ ਨੂੰ ਅਲਵਿਦਾ ਕਹਿਣ ਦਾ ਫੈਂਸਲਾ ਕਰ ਲੈਂਦੇ ਹਨ। ਅਜਿਹਾ ਹੀ ਕੁਝ ਵਾਪਰ ਰਿਹਾ ਹੈ ਟੀ.ਵੀ. ਦੀ ਦੁਨੀਆਂ ਵਿਚ ਜਿਥੇ ਪਿਛਲੇ ਤਿੰਨ ਸਾਲਾਂ ਤੋਂ ਦਰਜਨਾਂ ਹੀ ਅਦਾਕਾਰਾਂ ਨੇ ਖੁਦਖੁਸ਼ੀ ਕਰ ਮੌਤ ਨੂੰ ਗਲ ਲਗਾ ਲਿਆ ਹੈ। ਜਿਆਦਾਤਰ ਮਾਮਲਿਆਂ ਵਿਚ ਕਾਰਨ ਡਿਪਰੈਸ਼ਨ ਸੀ।

ਆਕਾਂਕਸ਼ਾ ਦੂਬੇ:

ਤਾਜ਼ਾ ਮਾਮਲਾ ਭੋਜਪੁਰੀ ਫ਼ਿਲਮ ਅਦਾਕਾਰਾ ਆਕਾਂਕਸ਼ਾ ਦੂਬੇ ਦਾ ਹੈ, ਜਿਸ ਨੇ ਐਤਵਾਰ, 26 ਮਾਰਚ, 2023 ਨੂੰ ਵਾਰਾਣਸੀ ਵਿਚ ਇੱਕ ਹੋਟਲ ਦੇ ਕਮਰੇ ਵਿਚ ਖੁਦਕੁਸ਼ੀ ਕਰ ਲਈ ਸੀ। ਆਕਾਂਕਸ਼ਾ ਦੂਬੇ ਨੇ ਕਈ ਭੋਜਪੁਰੀ ਗਾਇਕਾਂ ਅਤੇ ਅਦਾਕਾਰਾਂ ਨਾਲ ਕੰਮ ਕੀਤਾ ਹੈ। ਜਾਂਚ ਤੋਂ  ਬਾਅਦ ਐਕਟ੍ਰੇਸ ਦੇ ਕੱਪੜਿਆਂ 'ਤੇ ਸਪਰਮ ਮਿਲੇ ਸਨ। ਇਸ ਦੇ ਨਾਲ ਹੀ ਮਰਹੂਮ ਆਕਾਂਕਸ਼ਾ ਦੇ ਪਰਿਵਾਰ ਨੇ ਭੋਜਪੁਰੀ ਨਿਰਦੇਸ਼ਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ 'ਤੇ ਅਦਾਕਾਰਾ ਦੀ ਹੱਤਿਆ ਦਾ ਦੋਸ਼ ਲਗਾਇਆ ਸੀ।

ਤੁਨਿਸ਼ਾ ਸ਼ਰਮਾ :

20 ਸਾਲਾ ਟੀ.ਵੀ. ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ਆਪਣੇ ਸ਼ੋਅ 'ਅਲੀ ਬਾਬਾ ਸ਼ੋਅ' ਦੇ ਸੈੱਟ 'ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਖੁਦਕੁਸ਼ੀ ਦਾ ਦੋਸ਼ ਉਸ ਦੇ ਐਕਸ  ਬੁਆਏਫ੍ਰੈਂਡ ਅਤੇ ਕੋ-ਸਟਾਰ ਸ਼ੀਜ਼ਾਨ ਖਾਨ 'ਤੇ ਲਗਾਇਆ ਗਿਆ ਸੀ। ਤੁਨਿਸ਼ਾ ਸ਼ਰਮਾ ਦੀ ਮਾਂ ਨੇ ਦੱਸਿਆ ਕਿ ਤੁਨਿਸ਼ਾ ਸ਼ਰਮਾ ਅਤੇ ਸ਼ੀਜ਼ਾਨ ਖਾਨ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਮੌਤ ਤੋਂ 15 ਦਿਨ ਪਹਿਲਾਂ ਹੀ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।ਤੁਨਿਸ਼ਾ ਨੇ ਸ਼ੀਜਾਨ ਨਾਲ ਵਿਆਹ ਕਰਨ ਲਈ ਉਰਦੂ ਵੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਦੇ ਧੋਖੇ ਨੇ ਅਦਾਕਾਰਾ ਨੂੰ ਤੋੜ ਦਿੱਤਾ ਸੀ। ਵੱਖ ਹੋਣ ਤੋਂ ਬਾਅਦ ਤੁਨਿਸ਼ਾ ਡਿਪ੍ਰੈਸ਼ਨ 'ਚ ਚਲੀ ਗਈ ਅਤੇ ਇਸ ਤੋਂ ਬਾਅਦ ਇੱਕ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਸੀ।

ਕੁਸ਼ਾਲ ਪੰਜਾਬੀ:
 

26  ਦਸੰਬਰ 2020  ਨੂੰ 42 ਸਾਲ ਦੀ ਉਮਰ ਵਿਚ ਫ਼ਿਲਮ ਅਤੇ ਟੀ.ਵੀ. ਐਕਟਰ ਕੁਸ਼ਾਲ ਪੰਜਾਬੀ ਨੇ ਆਪਣੇ ਬਾਂਦਰਾ ਅਪਾਰਟਮੈਂਟ 'ਚ ਫਾਹਾ ਲੈ ਕੇ  ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਕੁਸ਼ਾਲ ਨੇ ਇਕ ਸੁਸਾਈਡ ਨੋਟ ਛੱਡਿਆ ਸੀ, ਜਿਸ ਵਿਚ ਲਿਖਿਆ ਸੀ ਕਿ ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।ਉਹ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਸੀ ਅਤੇ ਇਸ ਦਾ ਕਾਰਨ  ਸੀ ਕਿ ਉਨ੍ਹਾਂ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੰਮ ਨਹੀਂ ਸੀ।

ਸੰਦੀਪ ਨਾਹਰ:

ਟੀ.ਵੀ. ਅਤੇ ਬਾਲੀਵੁੱਡ ਅਦਾਕਾਰ ਸੰਦੀਪ ਨਾਹਰ ਨੇ 15 ਫਰਵਰੀ 2021 ਨੂੰ ਆਪਣੇ ਗੋਰੇਗਾਂਵ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।ਸੰਦੀਪ ਨਾਹਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ 10 ਮਿੰਟ ਦੀ ਵੀਡੀਓ ਬਣਾਈ ਅਤੇ ਆਪਣਾ ਦਰਦ ਸੋਸ਼ਲ ਮੀਡੀਆ 'ਤੇ ਪੂਰੀ ਦੁਨੀਆਂ ਨਾਲ ਸਾਂਝਾ ਕੀਤਾ। ਸੰਦੀਪ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਕੰਚਨ ਸ਼ਰਮਾ ਕਾਰਨ ਬਹੁਤ ਪਰੇਸ਼ਾਨ ਚੱਲ ਰਿਹਾ ਸੀ। ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਉਨ੍ਹਾਂ ਦੀ ਆਪਣੀ ਪਤਨੀ ਨਾਲ ਕਾਫੀ ਤਕਰਾਰ ਹੋਈ ਸੀ। ਉਨ੍ਹਾਂ ਨੇ ਆਪਣੀ ਪਤਨੀ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।

ਸੇਜਲ ਸ਼ਰਮਾ:

ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਥੱਕ ਚੁੱਕੀ ਸੇਜਲ ਸ਼ਰਮਾ ਨੇ 24 ਜਨਵਰੀ 2020 ਨੂੰ ਖੁਦਕੁਸ਼ੀ ਕਰ ਲਈ। ਅਗਸਤ 2019 ਵਿੱਚ, ਸੇਜਲ ਸ਼ਰਮਾ ਆਪਣੇ ਐਕਟਿੰਗ ਕਰੀਅਰ ਦੇ ਪਹਿਲੇ ਟੀ.ਵੀ. ਸ਼ੋਅ ‘ਹੈਪੀ ਹੈ ਜੀ’ ਦੇ ਬੰਦ ਹੋਣ ਕਾਰਨ ਡਿਪਰੈਸ਼ਨ ਵਿਚ ਚਲੀ ਗਈ ਸੀ। ਸੇਜਲ ਦੇ ਘਰੋਂ ਮਿਲੇ ਇੱਕ ਸੁਸਾਈਡ ਨੋਟ ਵਿੱਚ ਉਸ ਨੇ ਪਿਛਲੇ ਡੇਢ ਮਹੀਨੇ ਤੋਂ ਡਿਪ੍ਰੈਸ਼ਨ ਵਿੱਚ ਰਹਿਣ ਦਾ ਜ਼ਿਕਰ ਕੀਤਾ ਹੋਇਆ ਸੀ। ਉਹ ਕੰਮ ਨਾ ਮਿਲਣ ਕਾਰਨ ਵੀ ਚਿੰਤਤ ਸੀ। ਇਸ ਤੋਂ ਇਲਾਵਾ ਸੇਜਲ ਦੇ ਪਿਤਾ ਦੀ ਸਿਹਤ ਠੀਕ ਨਹੀਂ ਸੀ ਜਿਸ ਕਾਰਨ ਵੀ ਉਹ ਮਾਨਸਿਕ ਤਣਾਅ 'ਚੋਂ ਲੰਘ ਰਹੀ ਸੀ।