ਓ.ਟੀ.ਟੀ. ’ਤੇ ਵੀ ਨਜ਼ਰ ਆਉਣਗੇ ਸੰਨੀ ਦਿਓਲ
2001 ’ਚ ਆਈ ਅਪਣੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦੇ ਸੀਕਵਲ ਨਾਲ 2023 ’ਚ ਧਮਾਕੇਦਾਰ ਵਾਪਸੀ ਕੀਤੀ ਸੀ।
ਮੁੰਬਈ : ਹਿੰਦੀ ਸਿਨੇਮਾ ਸਟਾਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਅਪਣੇ 42 ਸਾਲ ਦੇ ਕਰੀਅਰ ’ਚ ਇਕ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। 1990 ਦੇ ਦਹਾਕੇ ਦੀਆਂ ਫਿਲਮਾਂ ‘ਘਾਤਕ’, ‘ਅਰਜੁਨ’ ਅਤੇ ‘ਦਾਮਿਨੀ’ ਦੇ ਐਕਸ਼ਨ ਸਟਾਰ ਦਿਓਲ ਨੇ 2001 ’ਚ ਆਈ ਅਪਣੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦੇ ਸੀਕਵਲ ਨਾਲ 2023 ’ਚ ਧਮਾਕੇਦਾਰ ਵਾਪਸੀ ਕੀਤੀ ਸੀ।
ਅਪਣੀ ਫਿਲਮ ‘ਜਾਟ’ ਦੀ ਰਿਲੀਜ਼ ਦੀ ਉਡੀਕ ਕਰ ਰਹੇ 67 ਸਾਲ ਦੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੇ ਓ.ਟੀ.ਟੀ. ’ਤੇ ਆਉਣ ਨਾਲ ਲੋਕ ਇਕ ਤੋਂ ਵੱਧ ਮਾਧਿਅਮ ’ਤੇ ਉਨ੍ਹਾਂ ਦੇ ਕੰਮ ਨੂੰ ਵੇਖ ਸਕਣਗੇ। ਉਨ੍ਹਾਂ ਕਿਹਾ, ‘‘ਮੈਂ ਓ.ਟੀ.ਟੀ. ਲਈ ਕੁੱਝ ਪ੍ਰਾਜੈਕਟ ਕਰ ਰਿਹਾ ਹਾਂ, ਅਤੇ ਉਹ ਵੱਡੇ ਪਰਦੇ ਲਈ ਨਹੀਂ ਹਨ ਕਿਉਂਕਿ ਇਸ ਦੇ ਦਰਸ਼ਕ ਵੱਖਰੇ ਹਨ। ਇਸ ਲਈ ਉੱਥੇ (ਓ.ਟੀ.ਟੀ.) ਜਾਣਾ ਸੱਭ ਤੋਂ ਵਧੀਆ ਹੈ। ਲੋਕ ਤੁਹਾਡੀਆਂ ਫਿਲਮਾਂ ਨੂੰ ਵੱਖ-ਵੱਖ ਮੰਚਾਂ ’ਤੇ ਵੇਖਦੇ ਰਹਿੰਦੇ ਹਨ।’’
ਦਿਓਲ ਨੇ ਕਿਹਾ ਕਿ ਇਹ ਅਦਾਕਾਰਾਂ ਅਤੇ ਨਿਰਦੇਸ਼ਕਾਂ ਲਈ ਇਕ ਦਿਲਚਸਪ ਚੀਜ਼ ਹੈ ਕਿਉਂਕਿ ਇਹ ਹਰ ਤਰ੍ਹਾਂ ਦੀ ਵੰਨ-ਸੁਵੰਨਤਾ ਦੀ ਪੇਸ਼ਕਸ਼ ਕਰਦਾ ਹੈ ਅਤੇ ਤੁਹਾਨੂੰ ਖ਼ੁਦ ਨੂੰ ਕਿਸੇ ਚੀਜ਼ ਤਕ ਸੀਮਤ ਰੱਖਣ ਦੀ ਜ਼ਰੂਰਤ ਨਹੀਂ ਹੈ। ਅਦਾਕਾਰ ਨੇ ਕਿਹਾ ਕਿ ਉਹ ‘ਨਵੀਆਂ ਕਿਸਮਾਂ ਦੀਆਂ ਭੂਮਿਕਾਵਾਂ’ ਦੀ ਪੜਚੋਲ ਕਰਨਾ ਚਾਹੁੰਦੇ ਹਨ। ਦਿਓਲ ਨੇ ਅਪਣੀਆਂ ਫਿਲਮਾਂ ਨੂੰ ਸਿਨੇਮਾ ਦਰਸ਼ਕਾਂ ਦੀ ਨਵੀਂ ਪੀੜ੍ਹੀ ਲਈ ਢੁਕਵਾਂ ਬਣਾਉਣ ਦਾ ਸਿਹਰਾ ਓ.ਟੀ.ਟੀ. ਮੰਚਾਂ ਨੂੰ ਦਿਤਾ।