ਕੋਰੋਨਾ ਪ੍ਰੋਟੋਕੋਲ ਤੋੜਨ 'ਤੇ ਸੁਗੰਧਾ ਮਿਸ਼ਰਾ ਖਿਲਾਫ਼ ਮਾਮਲਾ ਦਰਜ, 9 ਦਿਨ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ

Sugandha Mishra

ਫਗਵਾੜਾ:  ਕੁਝ ਦਿਨ ਪਹਿਲਾਂ ਵਿਆਹ ਦੇ ਬੰਧਨ ਵਿਚ ਬੱਝੀ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਵੀਰਵਾਰ ਨੂੰ ਸੁਗੰਧਾ ਖ਼ਿਲਾਫ਼ ਕੋਰੋਨਾ ਸੇਫਟੀ ਪ੍ਰੋਟੋਕੋਲ ਤਹਿਤ ਪੰਜਾਬ ਦੇ ਫਗਵਾੜਾ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਦੇ ਤਹਿਤ ਇਲਜ਼ਮ ਲਗਾਇਆ ਗਿਆ ਕਿ ਸੁਗੰਧਾ ਦੇ ਵਿਆਹ ਸਮਾਗਮ ਵਿਚ ਭਾਰੀ ਇਕੱਠ ਕੀਤਾ ਗਿਆ। 

ਸੁਗੰਧਾ ਦੇ ਵਿਆਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਸੁਗੰਧਾ ਤੋਂ ਇਲਾਵਾ, ਹੋਟਲ ਦੇ ਪ੍ਰਬੰਧਨ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ ਜਿਸ ਨੇ ਸਮਾਗਮ ਨੂੰ ਆਯੋਜਿਤ ਕਰਨ ਦੀ ਆਗਿਆ ਦਿੱਤੀ ਸੀ।

ਦੱਸ ਦੇਈਏ ਕਿ 9 ਦਿਨ ਪਹਿਲਾਂ ਕਾਮੇਡੀਅਨ ਅਤੇ ਪਲੇਅਬੈਕ ਗਾਇਕਾ ਸੁਗੰਧਾ ਮਿਸ਼ਰਾ ਦਾ ਵਿਆਹ ਕਾਮੇਡੀਅਨ ਡਾ ਸੰਕੇਤ ਭੌਂਸਲੇ ਨਾਲ ਹੋਇਆ ਹੈ। ਇਸਦੇ ਨਾਲ ਹੀ 26 ਅਪ੍ਰੈਲ ਨੂੰ ਫਗਵਾੜਾ ਦੇ ਕਲੱਬ ਕੈਬਾਨਾ ਰਿਜੋਰਟ ਵਿੱਚ ਸਮਾਗਮ ਹੋਇਆ।

ਵਿਆਹ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਸ ਸਮਾਗਮ ਵਿਚ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਦਿਆਂ ਭੀੜ ਇਕੱਠੀ ਕੀਤੀ ਗਈ। ਡੀਐਸਪੀ ਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਜੀਟੀ ਰੋਡ ’ਤੇ ਸਥਿਤ ਕਲੱਬ ਕੈਬਾਨਾ ਵਿਖੇ ਵਿਆਹ ਸਮਾਗਮ ਵਿੱਚ ਭੀੜ ਇਕੱਠੀ ਕਰਨ ਦੇ ਸਬੰਧ ਵਿਚ ਸੁਗੰਧਾ ਮਿਸ਼ਰਾ, ਲਾੜੇ ਅਤੇ ਹੋਟਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।