ਸੁਸ਼ਾਂਤ ਦੀ ਮੌਤ ਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਹੈ : ਕੇਂਦਰ

Sushant Singh Rajput

ਨਵੀਂ ਦਿੱਲੀ, 5 ਅਗੱਸਤ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਤਿਭਾਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸਚਾਈ ਸਾਹਮਣੇ ਆਉਣੀ ਹੀ ਚਾਹੀਦੀ ਹੈ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਨੇ ਦਸਿਆ ਕਿ ਉਸ ਨੇ ਇਸ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਬਿਹਾਰ ਸਰਕਾਰ ਦੀ ਸਿਫ਼ਾਰਸ਼ ਪ੍ਰਵਾਨ ਕਰ ਲਈ ਹੈ। ਜੱਜ ਰਿਸ਼ੀਕੇਸ਼ ਰਾਏ ਦੇ ਬੈਂਚ ਨੇ ਮਹਾਰਾਸ਼ਟਰ ਅਤੇ ਬਿਹਾਰ ਸਰਕਾਰ ਤੋਂ ਇਲਾਵਾ ਸੁਸ਼ਾਂਤ ਦੇ ਪਿਤਾ ਕਿਸ਼ੋਰ ਸਿੰਘ ਨੂੰ ਨਿਰਦੇਸ਼ ਦਿਤਾ ਉਹ ਅਦਾਕਾਰਾ ਰੀਆ ਚਕਰਵਰਤੀ ਦੀ ਪਟੀਸ਼ਨ 'ਤੇ ਤਿੰਨ ਦਿਨਾਂ ਅੰਦਰ ਜਵਾਬ ਦਾਖ਼ਲ ਕਰਨ।

ਅਦਾਲਤ ਨੇ ਰੀਆ ਦੀ ਪਟੀਸ਼ਨ ਨੂੰ ਅਗਲੇ ਹਫ਼ਤੇ ਲਈ ਸੂਚੀਬੱਧ ਕਰਦਿਆਂ ਮੁੰਬਈ ਪੁਲਿਸ ਨੂੰ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਹੁਣ ਤਕ ਦੀ ਜਾਂਚ ਦੀ ਪ੍ਰਗਤੀ ਰੀਪੋਰਟ ਪੇਸ਼ ਕਰਨ ਲਈ ਆਖਿਆ। ਸੁਸ਼ਾਂਤ ਨੇ 14 ਜੂਨ ਨੂੰ ਅਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਸੀ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਕੇਂਦਰ ਵਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਸਿਆ ਕਿ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਗਈ ਹੈ। ਬੈਂਚੇ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਕਿਹਾ, 'ਰੀਆ ਦੀ ਪਟੀਸ਼ਨ 'ਤੇ ਮਹਾਰਾਸ਼ਟਰ ਸਰਕਾਰ ਜਵਾਬ ਦਾਖ਼ਲ ਕਰੇ ਅਤੇ ਜਿਥੇ ਤਕ ਕਲਾਕਾਰ ਦੀ ਮੌਤ ਦਾ ਸਵਾਲ ਹੈ ਤਾਂ ਸਚਾਈ ਸਾਹਮਣੇ ਆਉਣੀ ਹੀ ਚਾਹੀਦੀ ਹੈ।'

ਬੈਂਚ ਨੇ ਕਿਹਾ ਕਿ ਉਸ ਕੋਲ ਚੁਕਿਆ ਗਿਆ ਬੁਨਿਆਦੀ ਮਾਮਲਾ ਇਹ ਹੈ ਕਿ ਇਸ ਮਾਮਲੇ ਦੀ ਜਾਂਚ ਦਾ ਕਿਸੇ ਪੁਲਿਸ ਨੂੰ ਅਧਿਕਾਰ ਹੈ। ਸੁਸ਼ਾਂਤ ਦੇ ਪਿਤਾ ਵਲੋਂ ਪੇਸ਼ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਜਾਰੀ ਰਖਦੀ ਹੈ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਪਰ ਰੀਆ ਦੇ ਹੱਕ ਵਿਚ ਕੋਈ ਫ਼ੈਸਲਾ ਨਹੀਂ ਦਿਤਾ ਜਾਣਾ ਚਾਹੀਦਾ। ਮਹਾਰਾਸ਼ਟਰ ਵਲੋਂ ਪੇਸ਼ ਵਕੀਲ ਆਰ ਬਸੰਤ ਨੇ ਕਿਹਾ ਕਿ ਇਸ ਮਾਮਲੇ ਵਿਚ ਪਰਚਾ ਦਰਜ ਕਰਨ ਜਾਂ ਫਿਰ ਜਾਂਚ ਕਰਨ ਦਾ ਪਟਨਾ ਪੁਲਿਸ ਦਾ ਕੋਈ ਅਧਿਕਾਰ ਨਹੀਂ ਅਤੇ ਹੁਣ ਇਸ ਨੂੰ ਰਾਜਸੀ ਮਾਮਲਾ ਬਣਾ ਦਿਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦਾ ਵਿਰੋਧ ਕਰ ਰਹੀ ਹੈ।