ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦਾ ਦੇਹਾਂਤ
ਪਿਛਲੇ ਕਾਫ਼ੀ ਸਮੇਂ ਤੋਂ ਜੂਝ ਰਹੇ ਨੇ ਦਿਲ ਦੀ ਸਮੱਸਿਆ ਨਾਲ
ਮੁੰਬਈ: ਹਿੰਦੀ, ਮਰਾਠੀ ਫ਼ਿਲਮਾਂ, ਟੀ.ਵੀ. ਅਤੇ ਸੀਰੀਅਲਸ ਦੇ ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦਾ ਕਾਰਡੀਏਕ ਐਰੇਸਟ ਨਾਲ ਦਿਹਾਂਤ ਹੋ ਗਿਆ ਹੈ। ਐਤਵਾਰ 6 ਦਸੰਬਰ ਦੀ ਸਵੇਰ ਰਵੀ ਪਟਵਰਧਨ ਨੇ 83 ਸਾਲ ਦੇ ਉਮਰ 'ਚ ਆਖਰੀ ਸਾਹ ਲਿਆ। ਉਹ ਪਿਛਲੇ ਕਾਫ਼ੀ ਸਮੇਂ ਤੋਂ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਨੂੰ ਅਦਾਕਾਰ ਰਵੀ ਨੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿਸ ਦੌਰਾਨ ਉਨ੍ਹਾਂ ਦੀ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ ਅਤੇ ਐਤਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਮਾਰਚ ਦੇ ਮਹੀਨੇ 'ਚ ਵੀ ਰਵੀ ਪਟਵਰਧਨ ਨੂੰ ਹਾਰਟ ਅਟੈਕ ਹੋ ਚੁੱਕਾ ਹੈ। ਰਵੀ ਪਟਵਰਧਨ ਆਪਣੇ ਪਿੱਛੇ ਪਤਨੀ, ਦੋ ਬੱਚੇ ਅਤੇ ਉਨ੍ਹਾਂ ਦਾ ਪਰਿਵਾਰ ਛੱਡ ਗਏ ਹਨ।
ਰਵੀ ਨੂੰ ਹਿੰਦੀ ਦੇ ਨਾਲ-ਨਾਲ ਮਰਾਠੀ ਸਿਨੇਮਾ ਅਤੇ ਰੰਗਮੰਚ 'ਚ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ। ਫ਼ਿਲਮਾਂ ਅਤੇ ਟੀ.ਵੀ. ਸੀਰੀਅਲਸ 'ਚ ਜ਼ਿਆਦਾਤਰ ਦਾਦਾ ਜੀ ਦਾ ਕਿਰਦਾਰ ਨਿਭਾਉਣ ਵਾਲੇ ਰਵੀ ਪਟਵਰਧਨ ਨੇ ਆਪਣੇ ਕੈਰੀਅਰ 'ਚ 200 ਤੋਂ ਜ਼ਿਆਦਾ ਫ਼ਿਲਮਾਂ ਅਤੇ 150 ਤੋਂ ਜ਼ਿਆਦਾ ਨਾਟਕਾਂ 'ਚ ਕੰਮ ਕੀਤਾ ਸੀ।