ਪਿਆਰੇਲਾਲ ਨੂੰ ਪਦਮ ਭੂਸ਼ਣ ਦੇਣ ’ਤੇ ਲਕਸ਼ਮੀਕਾਂਤ ਦੀ ਬੇਟੀ ਨੇ ਕਿਹਾ, ‘ਦੋਹਾਂ ਨੂੰ ਪੁਰਸਕਾਰ ਦਿਤਾ ਜਾਣਾ ਚਾਹੀਦੈ’

ਏਜੰਸੀ

ਮਨੋਰੰਜਨ, ਬਾਲੀਵੁੱਡ

ਲਕਸ਼ਮੀਕਾਂਤ ਦੇ ਪਰਵਾਰ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਚਿੱਠੀ ਲਿਖੀ

Laxmikant and Pyarelal

ਮੁੰਬਈ: ਮਸ਼ਹੂਰ ਸੰਗੀਤਕਾਰ ਲਕਸ਼ਮੀਕਾਂਤ ਦੀ ਬੇਟੀ ਨੇ ਮੰਗਲਵਾਰ ਨੂੰ ਕਿਹਾ ਕਿ ਲਕਸ਼ਮੀਕਾਂਤ-ਪਿਆਰੇਲਾਲ ਦੀ ਜੋੜੀ ਨੇ 700 ਤੋਂ ਵੱਧ ਫਿਲਮਾਂ ’ਚ ਸੰਗੀਤ ਤਿਆਰ ਕੀਤਾ ਹੈ ਅਤੇ ਉਹ ਪਿਆਰੇਲਾਲ ਨੂੰ ਪਦਮ ਭੂਸ਼ਣ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਉਨ੍ਹਾਂ ਦੇ ਮਰਹੂਮ ਪਿਤਾ ਨੂੰ ਵੀ ਇਹ ਸਨਮਾਨ ਦਿਤਾ ਜਾਣਾ ਚਾਹੀਦਾ ਹੈ।

ਲਕਸ਼ਮੀਕਾਂਤ ਦੇ ਪਰਵਾਰ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਹੈ। ਮਹਾਨ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇਲਾਲ ਦਾ ਹਿੱਸਾ ਰਹੇ ਪਿਆਰੇਲਾਲ ਨੂੰ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਭਾਰਤ ਦੇ ਤੀਜੇ ਸੱਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਲਈ ਨਾਮਜ਼ਦ ਕੀਤਾ ਗਿਆ ਸੀ। 

ਰਾਜੇਸ਼ਵਰੀ ਲਕਸ਼ਮੀਕਾਂਤ ਨੇ ਕਿਹਾ, ‘‘ਅਸੀਂ ਬਹੁਤ ਖੁਸ਼ ਹਾਂ ਕਿ ਪਿਆਰੇਲਾਲ ਅੰਕਲ ਨੂੰ ਆਖਰਕਾਰ ਪੁਰਸਕਾਰ ਮਿਲਿਆ ਹੈ। ਸਾਨੂੰ ਲਗਦਾ ਹੈ ਕਿ ਜਦੋਂ ਪਦਮ ਭੂਸ਼ਣ ਪੁਰਸਕਾਰ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਲਕਸ਼ਮੀਕਾਂਤ-ਪਿਆਰੇਲਾਲ ਨੂੰ ਵੱਖ ਨਹੀਂ ਕਰ ਸਕਦੇ ਅਤੇ ਪਿਆਰੇਲਾਲ ਅੰਕਲ ਨੂੰ ਸਿਰਫ ਇਸ ਲਈ ਪੁਰਸਕਾਰ ਨਹੀਂ ਦੇ ਸਕਦੇ ਕਿਉਂਕਿ ਉਹ ਇੱਥੇ ਹਨ ਅਤੇ ਬਦਕਿਸਮਤੀ ਨਾਲ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਹੈ।’’

ਲਕਸ਼ਮੀਕਾਂਤ ਦੀ ਪਤਨੀ ਜਯਾ ਕੁਡਾਲਕਰ ਨੇ ਅਪਣੇ ਚਿੱਠੀ ’ਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮਰਹੂਮ ਪਤੀ ਨੂੰ ਵੀ ਪਿਆਰੇਲਾਲ ਦੇ ਨਾਲ ਇਹ ਸਨਮਾਨ ਦਿਤਾ ਜਾਵੇ। ਇਹ ਚਿੱਠੀ ਤਿੰਨ ਦਿਨ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਗਈ ਸੀ, ਜਦਕਿ ਗ੍ਰਹਿ ਮੰਤਰਾਲੇ ਨੂੰ ਮੰਗਲਵਾਰ ਨੂੰ ਭੇਜਿਆ ਗਿਆ ਸੀ। ਰਾਜੇਸ਼ਵਰੀ ਨੇ ਕਿਹਾ ਕਿ ਪਰਵਾਰ ਨੇ ਚਿੱਠੀ ਇਸ ਲਈ ਲਿਖੀ ਕਿਉਂਕਿ ਪਿਆਰੇਲਾਲ ਅਤੇ ਲਕਸ਼ਮੀਕਾਂਤ ਸੰਗੀਤਕਾਰ ਜੋੜੀ ਵਜੋਂ ਜਾਣੇ ਜਾਂਦੇ ਸਨ ਅਤੇ ਹਰ ਧੁਨ ਇਕ ਟੀਮ ਵਜੋਂ ਇਕੱਠੇ ਤਿਆਰ ਕੀਤੀ ਗਈ ਸੀ। 

ਉਨ੍ਹਾਂ ਕਿਹਾ, ‘‘ਪਿਆਰੇ ਅੰਕਲ ਸੱਚਮੁੱਚ ਇਸ ਦੇ ਹੱਕਦਾਰ ਹਨ ਅਤੇ ਮੇਰੇ ਪਿਤਾ ਵੀ ਬਰਾਬਰ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਇਕੱਠੇ ਕੰਮ ਕੀਤਾ ਅਤੇ ਸੰਗੀਤ ’ਚ ਯੋਗਦਾਨ ਤੋਂ ਲੈ ਕੇ ਸੱਭ ਕੁੱਝ ਬਿਲਕੁਲ ਇਕੋ ਜਿਹਾ ਹੈ।’’

ਲਕਸ਼ਮੀਕਾਂਤ ਕੁਡਾਲਕਰ ਅਤੇ ਪਿਆਰੇਲਾਲ ਸ਼ਰਮਾ ਨੇ 1963 ’ਚ ਫਿਲਮ ਪਾਰਸਮਨੀ ’ਚ ਸੰਗੀਤਕਾਰ ਵਜੋਂ ਅਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਕ ਸਾਲ ਬਾਅਦ ਦੋਸਤੀ ਦੀ ਸਫਲਤਾ ਨਾਲ ਅਪਣੀ ਪਛਾਣ ਬਣਾਈ। ਸੰਗੀਤਕਾਰ ਜੋੜੀ ਨੇ ‘ਦੋ ਰਸਤੇ’, ‘ਦਾਗ’, ‘ਹਾਥੀ ਮੇਰੇ ਸਾਥੀ’, ‘ਬੌਬੀ’, ‘ਅਮਰ ਅਕਬਰ ਐਂਥਨੀ’ ਅਤੇ ਕਰਜ਼ ਵਰਗੀਆਂ ਮਸ਼ਹੂਰ ਫਿਲਮਾਂ ’ਚ ਸੰਗੀਤ ਤਿਆਰ ਕੀਤਾ ਅਤੇ 35 ਸਾਲਾਂ ਤੋਂ ਵੱਧ ਸਮੇਂ ਤਕ ਸੰਗੀਤ ਦੇ ਕੇ ਇਤਿਹਾਸ ਰਚਿਆ। ਇਹ ਭਾਈਵਾਲੀ 1998 ’ਚ ਲਕਸ਼ਮੀਕਾਂਤ ਦੀ ਮੌਤ ਨਾਲ ਖਤਮ ਹੋਈ। ਲਕਸ਼ਮੀਕਾਂਤ ਦੀ 60 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ।