ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਦੇਹਾਂਤ, 50 ਤੋਂ ਵੱਧ ਡਰਾਉਣੀਆਂ ਫ਼ਿਲਮਾਂ ਦੇ ਨਿਰਮਾਣ ’ਚ ਦਿਤਾ ਸੀ ਸਹਿਯੋਗ

ਏਜੰਸੀ

ਮਨੋਰੰਜਨ, ਬਾਲੀਵੁੱਡ

‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ‘ਰਾਮਸੇ ਬ੍ਰਦਰਜ਼’ ਦੇ ਸੱਤ ਲੋਕਾਂ ਵਿਚੋਂ ਇਕ ਸਨ ਗੰਗੂ ਰਾਮਸੇ

Gangu Ramsey

ਮੁੰਬਈ: ਮਸ਼ਹੂਰ ਸਿਨੇਮੈਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਗੰਗੂ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਗੰਗੂ ਰਾਮਸੇ ਦੇ ਪਰਵਾਰ ਮੁਤਾਬਕ ਉਨ੍ਹਾਂ ਨੇ ਐਤਵਾਰ ਸਵੇਰੇ ਹਸਪਤਾਲ ’ਚ ਆਖਰੀ ਸਾਹ ਲਿਆ। ਗੰਗੂ ਰਾਮਸੇ ‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ‘ਰਾਮਸੇ ਬ੍ਰਦਰਜ਼’ ਦੇ ਸੱਤ ਲੋਕਾਂ ਵਿਚੋਂ ਇਕ ਸਨ।

ਪਰਵਾਰ  ਮੁਤਾਬਕ ਗੰਗੂ ਰਾਮਸੇ ਪਿਛਲੇ ਇਕ ਮਹੀਨੇ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਰਾਮਸੇ ਦੇ ਪਰਵਾਰ  ਨੇ ਇਕ  ਬਿਆਨ ’ਚ ਕਿਹਾ, ‘‘ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਰਾਮਸੇ ਬ੍ਰਦਰਜ਼, ਪ੍ਰਸਿੱਧ ਸਿਨੇਮੈਟੋਗ੍ਰਾਫਰ, ਫਿਲਮ ਨਿਰਮਾਤਾ, ਨਿਰਮਾਤਾ ਅਤੇ ਐਫ.ਯੂ. ਰਾਮਸੇ ’ਚੋਂ ਇਕ, ਦਾ ਦੇਹਾਂਤ ਹੋ ਗਿਆ ਹੈ। ਰਾਮਸੇ ਦੇ ਦੂਜੇ ਵੱਡੇ ਬੇਟੇ ਗੰਗੂ ਰਾਮਸੇ ਦੀ ਅੱਜ ਸਵੇਰੇ 8 ਵਜੇ ਮੌਤ ਹੋ ਗਈ। ਉਹ ਪਿਛਲੇ ਇਕ  ਮਹੀਨੇ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਕੋਕਿਲਾਬੇਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।’’

ਗੰਗੂ ਰਾਮਸੇ ਦੇ ਪਰਵਾਰ ’ਚ ਉਨ੍ਹਾਂ ਦੀ ਧੀ ਗੀਤਾ ਰਾਮਸੇ ਅਤੇ ਬੇਟਾ ਚੰਦਰ ਰਾਮਸੇ ਹਨ। ਰਾਮਸੇ ਬ੍ਰਦਰਜ਼ ਦੇ ਬੈਨਰ ਹੇਠ, ਗੰਗੂ ਰਾਮਸੇ ਨੇ 50 ਤੋਂ ਵੱਧ ਫਿਲਮਾਂ ਦੇ ਨਿਰਮਾਣ ’ਚ ਸਹਿਯੋਗ ਕੀਤਾ, ਜਿਸ ’ਚ ‘ਵੀਰਾਨਾ’, ‘ਪੁਰਾਣਾ ਮੰਦਰ’, ‘ਬੰਦ ਦਰਵਾਜ਼ਾ’, ‘ਦੋ ਗਜ ਜ਼ਮੀਨ ਕੇ ਨੀਚੇ’ ਅਤੇ ‘ਖੋਜ’ ਵਰਗੀਆਂ ਫਿਲਮਾਂ ਸ਼ਾਮਲ ਹਨ। ਗੰਗੂ ਰਾਮਸੇ ਨੇ ‘ਦਿ ਜ਼ੀ ਹਾਰਰ ਸ਼ੋਅ’, ‘ਸਨਿਚਰਵਾਰ  ਸਸਪੈਂਸ’, ‘ਐਕਸ ਜ਼ੋਨ’ ਅਤੇ ‘ਨਾਗਿਨ’ ਵਰਗੇ ਸ਼ੋਅ ਨਾਲ ਟੈਲੀਵਿਜ਼ਨ ’ਤੇ  ਵੀ ਕੰਮ ਕੀਤਾ।