KGF-2 ਦੇ ਪ੍ਰਸਿੱਧ ਅਦਾਕਾਰ ਮੋਹਨ ਜੁਨੇਜਾ ਦਾ ਦਿਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ 'ਚ ਲਏ ਆਖਰੀ ਸਾਹ

Mohan Juneja

ਫ਼ਿਲਮ ਇੰਡਸਟਰੀ ਨੂੰ ਹਿੰਦੀ, ਤਾਮਿਲ ਅਤੇ ਮਲਿਆਲਮ ਭਾਸ਼ਾਵਾਂ ਦੀਆਂ ਦੇ ਚੁੱਕੇ ਹਨ 100 ਤੋਂ ਵੱਧ ਫ਼ਿਲਮਾਂ 
ਬੈਂਗਲੁਰੂ :
KGF ਚੈਪਟਰ 2 ਫੇਮ ਅਭਿਨੇਤਾ ਮੋਹਨ ਜੁਨੇਜਾ ਦਾ 7 ਮਈ ਯਾਨੀ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਦਾਕਾਰ ਨੇ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਉਨ੍ਹਾਂ ਦੀ ਉਮਰ 54 ਸਾਲ ਸੀ। ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲਾ ਮੋਹਨ ਅੱਜ ਸਭ ਦੀਆਂ ਅੱਖਾਂ ਨਮ ਕਰਕੇ ਇਸ ਦੁਨੀਆਂ ਨੂੰ ਛੱਡ ਗਿਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਹਰ ਕੋਈ ਹੈਰਾਨ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਅੱਜ ਹੀ ਕੀਤਾ ਜਾਵੇਗਾ।

ਮੋਹਨ ਜੁਨੇਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਵਜੋਂ ਕੀਤੀ ਸੀ। ਕੇਜੀਐਫ ਵਿੱਚ ਉਨ੍ਹਾਂ ਨੇ ਪੱਤਰਕਾਰ ਆਨੰਦ ਦੇ ਮੁਖ਼ਬਰ ਦੀ ਭੂਮਿਕਾ ਨਿਭਾਈ। ਦੱਸ ਦੇਈਏ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੇ ਕਰੀਅਰ ਵਿੱਚ 100 ਤੋਂ ਵੱਧ ਫ਼ਿਲਮਾਂ ਦਿੱਤੀਆਂ ਹਨ। ਉਹ ਕੇਜੀਐਫ ਚੈਪਟਰ 1 ਅਤੇ ਕੇਜੀਐਫ ਚੈਪਟਰ 2 ਵਿੱਚ ਵੀ ਭੂਮਿਕਾ ਨਿਭਾ ਚੁੱਕੇ ਹਨ। ਅਦਾਕਾਰ ਅਤੇ ਕਾਮੇਡੀਅਨ ਨੂੰ ਫ਼ਿਲਮ 'ਚੇਤਲਾ' ਤੋਂ ਵੱਡਾ ਬ੍ਰੇਕ ਮਿਲਿਆ ਹੈ। ਇਸ ਫਿਲਮ 'ਚ ਨਿਭਾਈ ਗਈ ਉਸ ਦੀ ਭੂਮਿਕਾ ਨੇ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਲਿਆ ਸੀ, ਜਿਸ ਨੂੰ ਹੁਣ ਉਹ ਸ਼ਾਇਦ ਹੀ ਭੁੱਲ ਸਕਣ।

ਅਜਿਹਾ ਸੀ ਮੋਹਨ ਜੁਨੇਜਾ ਦਾ ਫ਼ਿਲਮੀ ਸਫਰ
ਮੋਹਨ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ। ਸੈਂਡਲਵੁੱਡ ਐਕਟਰ ਬਚਪਨ ਤੋਂ ਹੀ ਐਕਟਰ ਬਣਨਾ ਚਾਹੁੰਦਾ ਸੀ। ਉਹ ਆਪਣੇ ਕਾਲਜ ਦੇ ਦਿਨਾਂ ਦੌਰਾਨ ਨਾਟਕਾਂ ਵਿੱਚ ਵੀ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2008 ਵਿੱਚ ਰੋਮਾਂਟਿਕ ਕੰਨੜ ਫ਼ਿਲਮ 'ਸੰਗਮਾ' ਨਾਲ ਕੀਤੀ ਸੀ। ਇਸ ਦਾ ਨਿਰਦੇਸ਼ਨ ਰਵੀ ਵਰਮਾ ਗੱਬੀ ਨੇ ਕੀਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਕੰਨੜ ਤਾਮਿਲ ਫ਼ਿਲਮ 'ਟੈਕਸੀ ਨੰਬਰ' 'ਚ ਕੰਮ ਕੀਤਾ। 2010 ਵਿੱਚ, ਮੋਹਨ ਨੇ ਕੰਨੜ ਭਾਸ਼ਾ ਦੇ ਨਾਟਕ 'ਨਾਰਦ ਵਿਜੇ' ਵਿੱਚ ਵੀ ਆਪਣੀ ਐਕਟਿੰਗ ਦਾ ਜਾਦੂ ਦਿਖਾਇਆ। ਹਾਲਾਂਕਿ ਮੋਹਨ ਜੁਨੇਜਾ ਸਿਰਫ ਕੰਨੜ ਫ਼ਿਲਮਾਂ ਲਈ ਜਾਣੇ ਜਾਂਦੇ ਹਨ। 2018 ਵਿੱਚ, ਉਨ੍ਹਾਂ ਨੇ ਹੌਰਰ ਫ਼ਿਲਮ 'ਨਿਗੁੜਾ' ਵਿੱਚ ਵੀ ਕੰਮ ਕੀਤਾ। ਇਹ ਵੀ ਕੰਨੜ ਭਾਸ਼ਾ ਵਿੱਚ ਹੀ ਸੀ। ਹਰ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਵਾਲੇ ਮੋਹਨ ਜੁਨੇਜਾ ਨੂੰ ਸਿਰਫ਼ ਕਾਮੇਡੀ ਅਦਾਕਾਰ ਵਜੋਂ ਜਾਣਿਆ ਜਾਂਦਾ ਸੀ।