ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਅਦਾਕਾਰਾ ਰਿਚਾ ਚੱਢਾ ਨੇ ਦਿਤੀ ਪ੍ਰਤੀਕਿਰਿਆ, ਪੜ੍ਹੋ ਵੇਰਵਾ
ਕਿਹਾ - ਮੂਸੇਵਾਲਾ ਨੂੰ 2 ਸੁਰੱਖਿਆ ਮੁਲਾਜ਼ਮ ਦਿਤੇ ਗਏ ਜਦਕਿ ਰਿਮਾਂਡ 'ਤੇ ਲਿਆਂਦੇ ਲਾਰੈਂਸ ਬਿਸ਼ਨੋਈ ਲਈ 10 ਸੁਰੱਖਿਆ ਮੁਲਾਜ਼ਮ ਤੇ ਬੁਲੇਟ ਪਰੂਫ਼ ਗੱਡੀ
ਮੁੰਬਈ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੁਲਿਸ ਕਈ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ 'ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਤਲ ਵਿੱਚ ਸ਼ਾਮਲ ਸ਼ੂਟਰ ਮਹਾਰਾਸ਼ਟਰ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਸਨੀਕ ਹਨ। ਪੁਲਿਸ ਮੁਤਾਬਕ ਸਾਰੇ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ।
ਸਿੱਧੂ ਮੂਸੇਵਾਲਾ ਦੀ ਸੁਰੱਖਿਆ ਬਾਰੇ ਅਦਾਕਾਰਾ ਰਿਚਾ ਚੱਢਾ ਨੇ ਪ੍ਰਤੀਕਿਰਿਆ ਦਿਤੀ ਹੈ। ਰਿਚਾ ਨੇ ਦੱਸਿਆ ਕਿ ਮੁੱਖ ਸ਼ੱਕੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਦਿੱਤੀ ਜਾ ਰਹੀ ਹੈ ਜਦਕਿ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ।
ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ, ਮੂਸੇਵਾਲਾ ਨੂੰ 2 ਸੁਰੱਖਿਆ ਮੁਲਾਜ਼ਮ ਦਿਤੇ ਗਏ ਜਦਕਿ ਰਿਮਾਂਡ 'ਤੇ ਲਿਆਂਦੇ ਲਾਰੈਂਸ ਬਿਸ਼ਨੋਈ ਲਈ 10 ਸੁਰੱਖਿਆ ਮੁਲਾਜ਼ਮ ਤੇ ਦਿੱਲੀ ਪੁਲਿਸ ਦੀ ਸਭ ਤੋਂ ਵਧੀਆ ਬੁਲੇਟ ਪਰੂਫ਼ ਗੱਡੀ।'' ਅੱਗੇ ਉਸਨੇ ਟੁੱਟੇ ਦਿਲ ਦਾ ਇਮੋਜੀ ਬਣਾਇਆ ਅਤੇ ਹੈਸ਼ਟੈਗ ਲਿਖਿਆ - #JusticeForSidhuMoosaWala
ਅਦਾਕਾਰਾ ਰਿਚਾ ਚੱਢਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਕਈ ਮੁੱਦਿਆਂ 'ਤੇ ਆਪਣੀ ਰਾਏ ਦਿੰਦੀ ਰਹਿੰਦੀ ਹੈ। ਰਿਚਾ ਚੱਢਾ ਨੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਹੋਏ ਹੋਰ ਟਵੀਟ ਵੀ ਕੀਤੇ। ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਕ ਨੇ ਕਿਹਾ, 'ਇਹ ਅਫੇਅਰ ਸਭ ਤੋਂ ਵੱਡਾ ਹੈ। ਚੋਰ, ਅਪਰਾਧੀ ਨੂੰ ਜ਼ਿਆਦਾ ਸੁਰੱਖਿਆ ਮਿਲਦੀ ਹੈ ਜਦੋਂਕਿ ਚੰਗੇ ਵਿਅਕਤੀ ਨੂੰ ਘੱਟ।' ਇੱਕ ਨੇ ਕਿਹਾ, 'ਸਮਰਥਨ ਲਈ ਧੰਨਵਾਦ।'