ਅੰਬਾਨੀ ਦੇ ਘਰ ਨੇੜੇ ਮਿਲੇ ਵਿਸਫੋਟਕ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਨੇ ਕੇਂਦਰ 'ਤੇ ਚੁੱਕੇ ਸਵਾਲ
ਐਨਆਈਏ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਬਾਅਦ ਅਪਣੇ ਹੱਥਾਂ ਵਿਚ ਲਿਆ ਹੈ।
ਨਵੀਂ ਦਿੱਲੀ: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕਾਰ 'ਚ ਮਿਲੇ ਵਿਸਫੋਟਕ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਨੂੰ ਸੌਂਪ ਦਿੱਤੀ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਦੇ ਇਸ ਕਦਮ 'ਤੇ ਸਵਾਲ ਖੜੇ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਐਨਆਈਏ ਨੇ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਬਾਅਦ ਅਪਣੇ ਹੱਥਾਂ ਵਿਚ ਲਿਆ ਹੈ। ਬੁਲਾਰੇ ਨੇ ਕਿਹਾ ਕਿ ਏਜੰਸੀ ਮੁੜ ਕੇਸ ਦਰਜ ਕਰਨ ਦੀ ਤਿਆਰੀ ਵਿਚ ਹੈ।
ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜਾਂਚ ਨੂੰ ਐਨਆਈਏ ਹਵਾਲੇ ਕਰਨਾ ਮਹਾਰਾਸ਼ਟਰ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਧਵ ਠਾਕਰੇ ਨੇ ਕਿਹਾ, "ਰਾਜ ਦੇ ਗ੍ਰਹਿ ਮੰਤਰੀ ਨੇ ਇਹ ਕੇਸ ਏਟੀਐਸ ਨੂੰ ਦਿੱਤਾ ਹੈ, ਪਰ ਹੁਣ ਐਨਆਈਏ ਨੂੰ ਇਹ ਕੇਸ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਅਮਨ-ਕਾਨੂੰਨ ਦਾ ਸਵਾਲ ਉਠਾਉਂਦਿਆਂ ਮਹਾਰਾਸ਼ਟਰ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਕੇਸ ਨੂੰ ਆਪਣੇ ਹੱਥ ਵਿਚ ਲਿਆ ਹੈ, ਅਜਿਹਾ ਲੱਗਦਾ ਹੈ ਕਿ ਇਸ ਕੇਸ ਵਿਚ ਕੁਝ ਗਲਤ ਹੈ।"
ਜ਼ਿਕਰਯੋਗ ਹੈ ਕਿ 25 ਫ਼ਰਵਰੀ ਨੂੰ ’ਐਂਟੀਲੀਆ’ ਨੇੜੇ, ਅੰਬਾਨੀ ਦੇ ਦਖਣੀ ਮੁੰਬਈ ਦੇ ਬਹੁ ਮੰਜ਼ਿਲਾ ਮਕਾਨ ਨੇੇੜੇ ਇਕ ‘ਸਕਾਰਪੀਓ’ ਕਾਰ ਦੇ ਅੰਦਰ ਜੈਲੇਟਿਨ ਦੀਆਂ ਛੜਾਂ ਮਿਲੀਆਂ ਸਨ। ਪੁਲਿਸ ਨੇ ਕਿਹਾ ਸੀ ਕਿ ਕਾਰ ਨੂੰ 18 ਫ਼ਰਵਰੀ ਨੂੰ ਈਰੋਲੀ-ਮੁਲੁੰਦ ਪੁਲ ਤੋਂ ਚੋਰੀ ਕੀਤਾ ਗਿਆ ਸੀ। ਕਾਰ ਦੇ ਮਾਲਕ ਹੀਰੇਨ ਮਨਸੁਖ ਦੀ ਸ਼ੁਕਰਵਾਰ ਨੂੰ ਠਾਣੇ ਵਿਚ ਲਾਸ਼ ਮਿਲੀ ਸੀ।