Mithun Chakraborty: ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ 

ਏਜੰਸੀ

ਮਨੋਰੰਜਨ, ਬਾਲੀਵੁੱਡ

Mithun Chakraborty: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਗਿਆਨ ਭਵਨ ’ਚ 70ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਕੀਤਾ ਸਨਮਾਨਿਤ

Actor Mithun Chakraborty received the Dadasaheb Phalke Award

 

Mithun Chakraborty:  ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਮੰਗਲਵਾਰ ਨੂੰ ਸਿਨੇਮਾ ’ਚ ਸਰਕਾਰ ਦੇ ਸਰਵਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ, ਅਦਾਕਾਰ ਨੇ ਨਸਲੀ ਟਿਪਣੀਆਂ ਸਹਿਣ ਤੋਂ ਲੈ ਕੇ ਭਾਰਤੀ ਫਿਲਮ ਇੰਡਸਟਰੀ ਦੇ ‘ਸੈਕਸੀ, ਸਾਂਵਲੇ ਬੰਗਾਲੀ ਬਾਬੂ’ ਦਾ ਖਿਤਾਬ ਪ੍ਰਾਪਤ ਕਰਨ ਤਕ ਦੇ ਅਪਣੇ ਸਫ਼ਰ ਨੂੰ ਯਾਦ ਕੀਤਾ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੱਥੇ ਵਿਗਿਆਨ ਭਵਨ ’ਚ 70ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ‘ਮ੍ਰਿਗਯਾ’, ‘ਡਿਸਕੋ ਡਾਂਸਰ’ ਅਤੇ ‘ਪ੍ਰੇਮ ਪ੍ਰਤਿਗਿਆ’ ਵਰਗੀਆਂ ਫਿਲਮਾਂ ’ਚ ਕੰਮ ਕਰ ਚੁਕੇ ਚੱਕਰਵਰਤੀ ਨੂੰ ਇਹ ਵੱਕਾਰੀ ਪੁਰਸਕਾਰ ਦਿਤਾ।  74 ਸਾਲ ਦੇ ਮਿਥੁਨ ਚੱਕਰਵਰਤੀ ਦਾ ਅਸਲੀ ਨਾਮ ਗੌਰੰਗ ਚੱਕਰਵਰਤੀ ਹੈ। ਉਨ੍ਹਾਂ ਨੂੰ ਸਾਲ 2022 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 

ਚੱਕਰਵਰਤੀ ਨੇ ਤਾੜੀਆਂ ਦੇ ਸ਼ੋਰ ਵਿਚਕਾਰ ਅਪਣੇ ਸੰਬੋਧਨ ’ਚ ਕਿਹਾ, ‘‘ਮੈਂ ਰੱਬ ਨੂੰ ਬਹੁਤ ਸ਼ਿਕਾਇਤ ਕਰਦਾ ਸੀ। ਮੈਨੂੰ ਪਲੇਟ ’ਤੇ ਕੁੱਝ ਵੀ ਨਹੀਂ ਮਿਲਿਆ, ਮੈਂ ਬਹੁਤ ਸੰਘਰਸ਼ ਕੀਤਾ। ਮੈਨੂੰ ਇਹ ਸੱਭ ਐਵੇਂ ਨਹੀਂ ਮਿਲ ਗਿਆ। ਮੈਂ ਕਹਿੰਦਾ ਸੀ, ਰੱਬ, ਤੁਸੀਂ ਮੈਨੂੰ ਨਾਮ ਅਤੇ ਪ੍ਰਸਿੱਧੀ ਦਿਤੀ ਹੈ, ਪਰ ਇੰਨੀਆਂ ਪ੍ਰੇਸ਼ਾਨੀਆਂ ਕਿਉਂ ਹਨ। ਪਰ ਅੱਜ, ਇਹ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਮੈਂ ਸ਼ਿਕਾਇਤ ਕਰਨਾ ਬੰਦ ਕਰ ਦਿਤਾ ਹੈ। ਰੱਬ ਦਾ ਸ਼ੁਕਰ ਹੈ, ਤੁਸੀਂ ਮੈਨੂੰ ਸੱਭ ਕੁੱਝ ਵਾਪਸ ਦੇ ਦਿਤਾ।’’