10 ਕਰੋੜ ਦਾ ਕਰਜ਼ਾ ਲੈ ਕੇ ਲੋਕਾਂ ਦੀ ਮਦਦ ਕਰ ਰਹੇ 'ਲੋੜਵੰਦਾਂ ਦੇ ਮਸੀਹਾ' ਸੋਨੂੰ ਸੂਦ!
ਕਰਜ਼ੇ ਲਈ ਸੋਨੂੰ ਸੂਦ ਨੇ ਘਰ ਤੇ ਦੁਕਾਨਾਂ ਰੱਖੀਆਂ ਗਿਰਵੀ
ਮੁੰਬਈ: ਲੌਕਡਾਊਨ ਦੌਰਾਨ ਲੋੜਵੰਦਾਂ ਦੇ ਮਸੀਹਾ ਬਣੇ ਸੋਨੂੰ ਸੂਦ ਹੁਣ ਤੱਕ ਲੱਖਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਗਰੀਬਾਂ ਦੀ ਮਦਦ ਲਈ ਸੋਨੂੰ ਸੂਦ ਨੇ 10 ਕਰੋੜ ਦਾ ਕਰਜ਼ਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੋਨੂੰ ਸੂਦ ਨੇ ਅਪਣੀਆਂ 2 ਦੁਕਾਨਾਂ ਤੇ 6 ਫਲੈਟਸ ਨੂੰ ਗਿਰਵੀ ਰੱਖਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਜਾਇਦਾਦ ਦੇ ਮਾਲਕ ਸੋਨੂੰ ਸੂਦ ਤੇ ਉਹਨਾਂ ਦੀ ਪਤਨੀ ਸੋਨਾਲੀ ਹਨ। ਫਿਲਹਾਲ ਇਸ ਖ਼ਬਰ ਬਾਰੇ ਸੋਨੂੰ ਸੂਦ ਵੱਲ਼ੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਲੌਕਡਾਊਨ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਸੀ।
ਉਹਨਾਂ ਨੇ ਲੋਕਾਂ ਨੂੰ ਪੈਸੇ, ਖਾਣ ਤੋਂ ਲੈ ਕੇ ਕਈ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਦਾ ਜ਼ਿੰਮਾ ਵੀ ਸੰਭਾਲਿਆ ਸੀ। ਇਸ ਦੌਰਾਨ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹੇ।
ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਵੀ ਲੋੜਵੰਦਾਂ ਤੱਕ ਪਹੁੰਚ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਕਿਸਾਨੀ ਸੰਘਰਸ਼ ਦੇ ਚਲਦਿਆਂ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਬੀਤੇ ਦਿਨੀਂ ਉਹਨਾਂ ਨੇ ਟਵੀਟ ਕੀਤਾ ਕਿ, ਕਿਸਾਨ ਦਾ ਦਰਜਾ ਮਾਂ-ਬਾਪ ਤੋਂ ਘੱਟ ਨਹੀਂ ਹੈ।