ਦੇਸ਼ਧ੍ਰੋਹ ਦੇ ਮਾਮਲੇ ’ਚ ਆਗਰਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਾਮਲੇ ਦੀ ਸੁਣਵਾਈ 12 ਦਸੰਬਰ ਨੂੰ ਤੈਅ ਕੀਤੀ ਗਈ

Kangana Ranaut

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ਦੀ ਇਕ ਵਿਸ਼ੇਸ਼ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਦੇਸ਼ਧ੍ਰੋਹ ਦੇ ਮਾਮਲੇ ’ਚ ਅਪਣਾ ਪੱਖ ਰੱਖਣ ਦਾ ਇਕ ਹੋਰ ਮੌਕਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ। 

ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਹੈ। ਆਗਰਾ ਦੀ ਐਮ.ਪੀ./ਐਮ.ਐਲ.ਏ. ਅਦਾਲਤ ਦੇ ਜੱਜ ਅਨੁਜ ਕੁਮਾਰ ਸਿੰਘ ਨੇ ਕੰਗਨਾ ਨੂੰ ਨੋਟਿਸ ਜਾਰੀ ਕੀਤਾ। ਰਾਜੀਵ ਗਾਂਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਰਾਮ ਸ਼ੰਕਰ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਕੰਗਨਾ ਰਣੌਤ ਵਿਰੁਧ ਨਵਾਂ ਨੋਟਿਸ ਜਾਰੀ ਕੀਤਾ ਹੈ। 

ਉਨ੍ਹਾਂ ਕਿਹਾ ਕਿ ਅਦਾਲਤ ਨੇ ਕਿਹਾ ਕਿ ਕੰਗਨਾ ਨੂੰ ਪਹਿਲਾ ਨੋਟਿਸ ਨਹੀਂ ਮਿਲਿਆ, ਇਸ ਲਈ ਨੋਟਿਸ ਦੁਬਾਰਾ ਜਾਰੀ ਕੀਤਾ ਗਿਆ ਅਤੇ ਮਾਮਲੇ ਦੀ ਸੁਣਵਾਈ 12 ਦਸੰਬਰ ਨੂੰ ਤੈਅ ਕੀਤੀ ਗਈ ਹੈ। ਕੰਗਨਾ ਰਣੌਤ ਵਿਰੁਧ ਕਿਸਾਨਾਂ ’ਤੇ ਅਪਮਾਨਜਨਕ ਟਿਪਣੀ ਕਰਨ ਅਤੇ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਦਾ ਮਜ਼ਾਕ ਉਡਾਉਣ ਲਈ ਕੇਸ ਦਰਜ ਕੀਤਾ ਗਿਆ ਸੀ।