ਮਸ਼ਹੂਰ ਭਾਰਤੀ ਸੰਗੀਤਕਾਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪਿਛਲੇ ਲੰਮੇ ਸਮੇਂ ਤੋਂ ਸਨ ਬੀਮਾਰ

Pandit Shiv Kumar Sharma Death

 

 ਨਵੀਂ ਦਿੱਲੀ : ਭਾਰਤੀ ਸੰਗੀਤਕਾਰ ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਉਹ ਪਿਛਲੇ ਛੇ ਮਹੀਨਿਆਂ ਤੋਂ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸਨ ਅਤੇ ਡਾਇਲਸਿਸ 'ਤੇ ਸਨ। ਪੰਡਿਤ ਸ਼ਿਵ ਕੁਮਾਰ ਸ਼ਰਮਾ ਦੇ ਸਕੱਤਰ ਦਿਨੇਸ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8.30 ਵਜੇ ਦੇ ਕਰੀਬ ਪੰਡਿਤ ਸ਼ਿਵ ਕੁਮਾਰ ਸ਼ਰਮਾ ਦੀ ਮੌਤ ਹੋ ਗਈ।

 

ਇਸ ਦੇ ਨਾਲ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਨਿਵਾਸ ਰਾਜੀਵ ਆਪਸ, ਜ਼ਿਗ ਜ਼ੈਗ ਰੋਡ, ਪਾਲੀ ਹਿੱਲ, ਬਾਂਦਰਾ ਵਿਖੇ ਹੋਵੇਗਾ। ਹਾਲਾਂਕਿ ਅਜੇ ਅੰਤਿਮ ਸਸਕਾਰ ਦੇ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਸਿਨੇਮਾ ਦੀ ਦੁਨੀਆ ਵਿੱਚ ਅਹਿਮ ਯੋਗਦਾਨ ਸੀ। ਬਾਲੀਵੁੱਡ 'ਚ 'ਸ਼ਿਵ-ਹਰੀ' ਦੇ ਨਾਂ ਨਾਲ ਮਸ਼ਹੂਰ ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ ਦੀ ਜੋੜੀ ਨੇ ਕਈ ਸੁਪਰਹਿੱਟ ਗੀਤਾਂ ਨੂੰ ਸੰਗੀਤ ਦਿੱਤਾ ਹੈ।

 

ਇਨ੍ਹਾਂ 'ਚੋਂ ਸਭ ਤੋਂ ਮਸ਼ਹੂਰ ਫਿਲਮ 'ਚਾਂਦਨੀ' ਦਾ 'ਮੇਰੇ ਹੱਥੋਂ ਮੈਂ ਨੌਂ ਚੂੜੀਆਂ' ਸੀ ਜੋ ਮਰਹੂਮ ਅਦਾਕਾਰਾ ਸ਼੍ਰੀਦੇਵੀ 'ਤੇ ਬਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਸੰਗੀਤ ਸਮਾਰੋਹ 15 ਮਈ ਨੂੰ ਹੋਣ ਜਾ ਰਿਹਾ ਸੀ। ਸੁਰਾਂ ਦੇ ਸਰਤਾਜ ਨੂੰ ਸੁਣ ਲਈ ਕਈ ਲੋਕ ਬੇਤਾਬ ਸਨ।

ਲੱਖਾਂ ਲੋਕ ਸ਼ਿਵ-ਹਰੀ (ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ) ਦੀ ਜੁਗਲਬੰਦੀ ਨਾਲ ਆਪਣੀ ਸ਼ਾਮ ਨੂੰ ਰੌਸ਼ਨ ਕਰਨ ਦੀ ਉਡੀਕ ਕਰ ਰਹੇ ਸਨ ਪਰ ਅਫਸੋਸ ਕਿ ਸਮਾਗਮ ਤੋਂ ਕੁਝ ਦਿਨ ਪਹਿਲਾਂ ਸ਼ਿਵ ਕੁਮਾਰ ਸ਼ਰਮਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ।