ਕਵਾਂਟਿਕੋ ਵਿਵਾਦ 'ਤੇ ਪ੍ਰਿਯੰਕਾ ਚੌਪੜਾ ਨੇ ਤੋੜੀ ਚੁੱਪੀ, ਕਿਹਾ - ਮੈਨੂੰ ਭਾਰਤੀ ਹੋਣ 'ਤੇ ਮਾਣ...

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਤੋਂ ਇੰਟਰਨੈਸ਼ਨਲ ਆਇਕਨ ਬਣੀ ਅਦਾਕਾਰ ਪ੍ਰਿਯੰਕਾ ਚੌਪੜਾ ਦਾ ਅਮਰੀਕੀ ਸ਼ੋਅ 'ਕਵਾਂਟਿਕੋ ਸੀਜਨ 3' ਇੰਨੀ ਦਿਨੀ ਵਿਵਾਦਾਂ 'ਚ ਘਿਰਿਆ ਹੋਇਆ ਹੈ

Priyanka Chopra

ਨਵੀਂ ਦਿੱਲੀ : ਬਾਲੀਵੁਡ ਤੋਂ ਇੰਟਰਨੈਸ਼ਨਲ ਆਇਕਨ ਬਣੀ ਅਦਾਕਾਰ ਪ੍ਰਿਯੰਕਾ ਚੌਪੜਾ ਦਾ ਅਮਰੀਕੀ ਸ਼ੋਅ 'ਕਵਾਂਟਿਕੋ ਸੀਜਨ 3' ਇੰਨੀ ਦਿਨੀ ਵਿਵਾਦਾਂ 'ਚ ਘਿਰਿਆ ਹੋਇਆ ਹੈ। ਦਰਅਸਲ 'ਕਵਾਂਟਿਕੋ 3' ਦੇ ਇਕ ਐਪੀਸੋਡ ਵਿਚ ਆਤੰਕੀ ਹਮਲੇ ਪਿਛੇ ਭਾਰਤੀ ਰਾਸ਼ਟਰਵਾਦੀਆਂ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ। ਇਸ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋਇਆ ਅਤੇ ਲੋਕਾਂ ਨੇ ਪ੍ਰਿਯੰਕਾ ਚੌਪੜਾ ਉਤੇ ਆਪਣੀ ਭੜਾਸ ਕੱਢੀ। ਮਾਮਲੇ ਉਤੇ ਚੁੱਪੀ ਤੋੜਦੇ ਹੋਏ ਪ੍ਰਿਯੰਕਾ ਚੌਪੜਾ ਨੇ ਮੁਆਫ਼ੀ ਮੰਗੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਨਿਰਮਾਤਾ ਵੀ 'ਕਵਾਂਟਿਕੋ' ਵਿਚ ਹਿੰਦੀ ਆਤੰਕਵਾਦ ਨਾਲ ਜੁੜੇ ਸੀਨ ਲਈ ਮੁਆਫ਼ੀ ਮੰਗ ਚੁੱਕੇ ਹਨ। 

ਪ੍ਰਿਯੰਕਾ ਚੌਪੜਾ ਨੇ ਇਸ ਮੁੱਦੇ ਉਤੇ ਚੁੱਪੀ ਤੋੜਦੇ ਹੋਏ ਟਵਿਟਰ ਉਤੇ ਲਿਖਿਆ, 'ਕਵਾਂਟਿਕੋ' ਦੇ ਹਾਲ ਹੀ 'ਚ ਵਿਵਾਦਤ ਐਪੀਸੋਡ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਲਈ ਮੈਂ ਬੇਹੱਦ ਦੁਖੀ ਹਾਂ ਅਤੇ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ। ਅਜਿਹਾ ਕਰਨਾ ਨਾ ਮੇਰਾ ਮਕਸਦ ਸੀ ਅਤੇ ਨਾ ਹੀ ਕਦੇ ਹੋਵੇਗਾ। ਮੈਂ ਈਮਾਨਦਾਰੀ ਨਾਲ ਮੁਆਫ਼ੀ ਮੰਗਦੀ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਇਹ ਕਦੇ ਨਹੀਂ ਬਦਲੇਗਾ। 

ਹਿੰਦੂਆਂ ਨੂੰ ਆਤੰਕੀ ਦੱਸਣ 'ਤੇ ਕਵਾਂਟਿਕੋ ਦੇ ਨਿਰਮਾਤਾਵਾਂ ਨੇ ਮੰਗੀ ਮੁਆਫ਼ੀ, ਕਿਹਾ - ਪ੍ਰਿਯੰਕਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ 

ਦਸ ਦਈਏ ਕਿ, 'ਕਵਾਂਟਿਕੋ 3' ਦੇ ਐਪੀਸੋਡ 'ਦ ਬਲੱਡ ਆਫ ਰੋਮੀਓ' ਉਤੇ ਇਹ ਹੰਗਾਮਾ ਹੋ ਰਿਹਾ ਸੀ ਅਤੇ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੌਪੜਾ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ। ਪ੍ਰਿਯੰਕਾ ਚੌਪੜਾ 'ਕਵਾਂਟਿਕੋ' ਵਿਚ ਅਲੈਕਸ ਪੈਰਿਸ਼ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਐਫਬੀਆਈ ਅਜੰਟ ਹੈ। ਇਸ ਐਪੀਸੋਡ ਵਿਚ ਵਖਾਇਆ ਗਿਆ ਸੀ ਕਿ ਪਾਕਿਸਤਾਨ - ਭਾਰਤ ਵਿਚ ਸ਼ਾਂਤੀਪੂਰਵਕ ਗੱਲ ਹੋਣ ਜਾ ਰਹੀ ਹੈ ਅਤੇ ਉਸਤੋਂ ਪਹਿਲਾਂ ਨਿਊਯਾਰਕ ਵਿਚ ਪਰਮਾਣੂ ਆਤੰਕੀ ਹਮਲੇ ਦੀ ਸਾਜਿਸ਼ ਦਾ ਪਤਾ ਚੱਲਦਾ ਹੈ।

ਜਦੋਂ ਇਕ ਸਖਸ਼ ਨੂੰ ਆਤੰਕੀ ਹਮਲੇ ਦੇ ਸ਼ੱਕ ਵਿਚ ਫੜਿਆ ਜਾਂਦਾ ਹੈ, ਤਾਂ ਉਸ ਕੋਲੋਂ ਰੁਦਰਾਕਸ਼ ਦੀ ਮਾਲਾ ਮਿਲਦੀ ਹੈ। ਜਿਸ ਤੋ ਬਾਅਦ ਪ੍ਰਿਯੰਕਾ ਕਹਿੰਦੀ ਹੈ ਕਿ ਇੰਡੀਅਨ ਨੈਸ਼ਨਲਿਸਟ ਹਨ ਜੋ ਹਮਲੇ ਦੇ ਜ਼ਰੀਏ ਪਾਕਿਸਤਾਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ ਅਤੇ ਇਸ ਨੂੰ ਭਾਰਤ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਸ਼ ਦੱਸਕੇ ਪ੍ਰਿਯੰਕਾ ਚੌਪੜਾ ਨੂੰ ਟਰੋਲ ਕੀਤਾ ਜਾ ਰਿਹਾ ਸੀ।  

ਏਬੀਸੀ ਨੈਟਵਰਕ ਨੇ ਇਕ ਬਿਆਨ ਵਿਚ ਮੁਆਫ਼ੀ ਮੰਗਦੇ ਹੋਏ ਕਿਹਾ - ਐਪੀਸੋਡ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਅਤੇ ਇਸ ਵਿਚ ਪ੍ਰਿਯੰਕਾ ਚੌਪੜਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਠੀਕ ਨਹੀਂ ਹੈ ਕਿਉਂਕਿ ਨਾ ਤਾਂ ਉਨ੍ਹਾਂ ਨੇ ਸ਼ੋਅ ਬਣਾਇਆ ਹੈ, ਨਾ ਲਿਖਿਆ ਹੈ ਅਤੇ ਨਾ ਡਾਇਰੈਕਟ ਕੀਤਾ ਹੈ, ਉਨ੍ਹਾਂ ਦਾ ਕੋਈ ਲੈਣਾ - ਦੇਣਾ ਨਹੀਂ ਹੈ। ਇਸ ਤਰ੍ਹਾਂ 'ਕਵਾਂਟਿਕੋ 3' ਵਿਚ ਹਿੰਦੂ ਆਤੰਕੀ ਸਾਜਸ਼ ਨੂੰ ਲੈ ਕੇ ਏਬੀਸੀ ਨੈਟਵਰਕ ਨੇ ਮੁਆਫ਼ੀ ਮੰਗੀ ਹੈ। ਦਸ ਦਈਏ ਕਿ ਕਵਾਂਟਿਕੋ ਦਾ ਇਹ ਐਪੀਸੋਡ ਪਹਿਲੀ ਜੂਨ ਨੂੰ ਏਅਰ ਹੋਇਆ ਸੀ।