ਰੀਆ ਨੂੰ ਪੁੱਛ-ਪੜਤਾਲ ਲਈ ਅੱਜ ਮੁੜ ਬੁਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ

Rhea Chakraborty And Sushant Singh Rajput

ਮੁੰਬਈ, 9 ਅਗੱਸਤ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਕਾਲਾ ਧਨ ਮਾਮਲੇ ਵਿਚ ਅਦਾਕਾਰਾ ਰੀਆ ਚਕਰਵਰਤੀ ਦੇ ਭਰਾ ਸ਼ੌਵਿਕ ਚਕਰਵਰਤੀ ਕੋਲੋਂ ਲਗਭਗ 18 ਘੰਟਿਆਂ ਤਕ ਪੁੱਛ-ਪੜਤਾਲ ਕੀਤੀ। ਸ਼ੌਵਿਕ ਕੋਲੋਂ ਰਾਤ ਭਰ ਕੀਤੀ ਗਈ ਪੁੱਛ-ਪੜਤਾਲ ਮਗਰੋਂ ਉਹ ਸਵੇਰੇ ਲਗਭਗ ਸਾਢੇ ਛੇ ਵਜੇ ਇਥੋਂ ਈਡੀ ਦਫ਼ਤਰ ਵਿਚੋਂ ਨਿਕਲਿਆ।  ਉਸ ਕੋਲੋਂ ਸੱਤ ਅਗੱਸਤ ਨੂੰ ਵੀ ਪੁੱਛ-ਪੜਤਾਲ ਕੀਤੀ ਗਈ ਸੀ। ਉਸੇ ਦਿਨ ਉਸ ਦੀ ਭੈਣ ਅਤੇ ਇਸ ਮਾਮਲੇ ਦੀ ਮੁੱਖ ਮੁਲਜ਼ਮ ਰੀਆ ਕੋਲੋਂ ਵੀ ਏਜੰਸੀ ਨੇ ਪਹਿਲੀ ਵਾਰ ਲਗਭਗ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਸੀ।

ਰੀਆ ਅਤੇ ਉਸ ਦੇ ਪਿਤਾ ਇੰਦਰਜੀਤ ਚਕਰਵਰਤੀ ਨੂੰ ਮੁੜ ਸੋਮਵਾਰ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਸ਼ੁਕਰਵਾਰ ਨੂੰ ਈਡੀ ਨੇ ਇੰਦਰਜੀਤ, ਰੀਆ ਦੇ ਚਾਰਟਰਡ ਅਕਾਊਂਟੈਂਟ ਰਿਤੇਸ਼ ਸ਼ਾਹ ਅਤੇ ਕਾਰੋਬਾਰੀ ਪ੍ਰਬੰਧਕ ਸ਼ਰੁਤੀ ਮੋਦੀ ਕੋਲੋਂ ਪੁੱਛ-ਪੜਤਾਲ ਕੀਤੀ ਸੀ। ਸ਼ਰੁਤੀ, ਸੁਸ਼ਾਂਤ ਲਈ ਵੀ ਕੰਮ ਕਰਦੀ ਸੀ। ਸਮਝਿਆ ਜਾਂਦਾ ਹੈ ਕਿ ਏਜੰਸੀ ਨੇ ਰੀਆ ਕੋਲੋਂ ਮਰਹੂਮ ਅਦਾਕਾਰ ਨਾਲ ਦੋਸਤੀ, ਕਾਰੋਬਾਰੀ ਸੌਦਿਆਂ ਅਤੇ ਦੋਹਾਂ ਵਿਚਲੇ ਸਬੰਧਾਂ ਬਾਰੇ ਵੀ ਪੁੱਛ-ਪੜਤਾਲ ਕੀਤੀ ਸੀ। ਰੀਆ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਰਾਜਪੂਤ ਨਾਲ ਸਹਿ-ਜੀਵਨ ਵਿਚ ਸੀ। ਸੂਤਰਾਂ ਮੁਤਾਬਕ ਰੀਆ ਨੇ ਏਜੰਸੀ ਨੂੰ ਦਸਿਆ ਕਿ ਉਸ ਨੇ ਅਪਣੀ ਆਮਦਨ, ਬੱਚਤ ਤੋਂ ਸੰਪਤੀ ਵਿਚ ਨਿਵੇਸ਼ ਕੀਤਾ ਅਤੇ ਬੈਂਕ ਤੋਂ ਕਰਜ਼ਾ ਲਿਆ। ਸੁਸ਼ਾਂਤ ਦੇ ਪਿਤਾ ਨੇ ਉਸ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ।