ਇਮਤਿਆਜ਼ ਅਲੀ ਦੀ 'ਚਮਕੀਲਾ' 'ਚ ਦਿਲਜੀਤ ਨਿਭਾਵੇਗਾ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ
11 ਦਸੰਬਰ ਤੋਂ ਸ਼ੁਰੂ ਹੋਵੇਗੀ ਫ਼ਿਲਮ ਦੀ ਸ਼ੂਟਿੰਗ
ਮੁੰਬਈ - ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ 'ਚਮਕੀਲਾ' 'ਚ ਪਰਿਣੀਤੀ ਚੋਪੜਾ ਨਾਲ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਜੋੜੀ ਬਣੀ ਹੈ।
'ਚਮਕੀਲਾ' ਫ਼ਿਲਮ ਦੀ ਕਹਾਣੀ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਆਲੇ-ਦੁਆਲੇ ਘੁੰਮਦੀ ਹੈ।
ਜਿੱਥੇ ਪਰਿਣੀਤੀ ਅਮਰਜੋਤ ਦਾ ਕਿਰਦਾਰ ਨਿਭਾਏਗੀ, ਉੱਥੇ ਹੀ ਦਿਲਜੀਤ ਚਮਕੀਲਾ ਵਜੋਂ ਦਿਖਾਈ ਦੇਵੇਗਾ।
ਅਮਰ ਸਿੰਘ ਚਮਕੀਲਾ ਅਤੇ ਪਤਨੀ ਅਮਰਜੋਤ ਕੌਰ ਦਾ 8 ਮਾਰਚ 1988 ਨੂੰ ਉਨ੍ਹਾਂ ਦੇ ਸੰਗੀਤਕ ਗਰੁੱਪ ਦੇ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ।
ਇੱਕ ਸੂਤਰ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ 11 ਦਸੰਬਰ ਤੋਂ ਮੁੰਬਈ 'ਚ ਸ਼ੁਰੂ ਹੋਣ ਜਾ ਰਹੀ ਹੈ।
ਖ਼ਬਰਾਂ ਅਨੁਸਾਰ, ਦਿਲਜੀਤ ਅਤੇ ਪਰਿਣੀਤੀ ਨੇ ਆਪੋ-ਆਪਣੇ ਕਿਰਦਾਰਾਂ ਨੂੰ ਡੂੰਘਾਈ 'ਚ ਸਮਝਣ ਲਈ ਕਈ ਵਰਕਸ਼ਾਪਾਂ ਵਿੱਚ ਹਿੱਸਾ ਲਿਆ ਹੈ। ਪ੍ਰੋਜੈਕਟ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।
ਪਰਿਣੀਤੀ ਆਪਣੀ ਫ਼ਿਲਮ 'ਊਂਚਾਈ' ਨੂੰ ਮਿਲੀ ਸਫ਼ਲਤਾ ਤੋਂ ਬੜੀ ਖੁਸ਼ ਹੈ, ਜਿਸ ਵਿੱਚ ਉਸ ਨੇ ਅਮਿਤਾਭ ਬੱਚਨ, ਬੋਮਨ ਇਰਾਨੀ, ਨੀਨਾ ਗੁਪਤਾ ਅਤੇ ਅਨੁਪਮ ਖੇਰ ਨਾਲ ਕੰਮ ਕੀਤਾ ਹੈ।