‘ਇੰਡੀਅਨ ਆਈਡਲ 3' ਜੇਤੂ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

'Indian Idol 3' winner and actor Prashant Tamang passes away

ਨਵੀਂ ਦਿੱਲੀ: ਇੰਡੀਅਨ ਆਈਡਲ 3 ਦੇ ਜੇਤੂ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਪ੍ਰਸ਼ਾਂਤ ਤਮਾਂਗ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 43 ਸਾਲਾਂ ਦੇ ਸਨ। ਤਮਾਂਗ ਅਪਣੇ  ਪਿੱਛੇ ਪਤਨੀ ਗੀਤਾ ਥਾਪਾ ਅਤੇ ਚਾਰ ਸਾਲ ਦੀ ਬੇਟੀ ਆਰੀਆ ਤਮਾਂਗ ਨੂੰ ਛੱਡ ਗਏ ਹਨ।

ਤਮਾਂਗ ਦੇ ਕਰੀਬੀ ਦੋਸਤ ਅਤੇ ਗਾਇਕ ਮਹੇਸ਼ ਸੇਵਾ ਨੇ ਦਸਿਆ  ਕਿ ਗਾਇਕ ਅਤੇ ਅਦਾਕਾਰ ਦੀ ਜਨਕਪੁਰੀ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ  ਮੌਤ ਹੋ ਗਈ। ਮਹੇਸ਼ ਨੇ ਕਿਹਾ, ‘‘ਅੱਜ ਸਵੇਰੇ 9 ਵਜੇ ਦੇ ਕਰੀਬ ਦਿੱਲੀ ਸਥਿਤ ਅਪਣੀ ਰਿਹਾਇਸ਼ ਉਤੇ  ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਵਾਰ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਪਰ ਡਾਕਟਰਾਂ ਨੇ ਪਹੁੰਚਣ ਉਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਮੈਂ ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣੇ ਤੋਂ ਹੈਰਾਨ ਹਾਂ। ਮੈਂ ਕੁੱਝ  ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਅਤੇ ਉਹ ਤੰਦਰੁਸਤ ਸਨ।’’

ਉਨ੍ਹਾਂ ਕਿਹਾ ਕਿ ਉਸ ਦੀ ਲਾਸ਼ ਅਜੇ ਵੀ ਹਸਪਤਾਲ ’ਚ ਹੈ। ਪਰਵਾਰ  ਨੇ ਅਜੇ ਇਹ ਫੈਸਲਾ ਨਹੀਂ ਲਿਆ ਹੈ ਕਿ ਅੰਤਿਮ ਸੰਸਕਾਰ ਦਿੱਲੀ ਜਾਂ ਦਾਰਜੀਲਿੰਗ ਵਿਚ ਕੀਤਾ ਜਾਵੇ ਜਾਂ ਨਹੀਂ। ਤਮਾਂਗ ਦੀ ਮੌਤ ਦੀ ਖ਼ਬਰ ਸੱਭ ਤੋਂ ਪਹਿਲਾਂ ਇਕ ਹੋਰ ਦੋਸਤ ਰਾਜੇਸ਼ ਘਟਾਨੀ ਨੇ ਸੋਸ਼ਲ ਮੀਡੀਆ ਉਤੇ  ਸਾਂਝੀ ਕੀਤੀ ਸੀ।

ਤਮਾਂਗ ਦਾ ਜਨਮ 4 ਜਨਵਰੀ 1983 ਨੂੰ ਦਾਰਜੀਲਿੰਗ ਵਿਚ ਇਕ  ਨੇਪਾਲੀ ਬੋਲਣ ਵਾਲੇ ਗੋਰਖਾ ਪਰਵਾਰ  ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨੇ ਪਛਮੀ  ਬੰਗਾਲ ਪੁਲਿਸ ਵਿਚ ਸੇਵਾ ਕੀਤੀ ਅਤੇ ਸੇਵਾ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਤਮਾਂਗ ਨੇ ਅਪਣੇ  ਪਿਤਾ ਦਾ ਅਹੁਦਾ ਸੰਭਾਲਣ ਲਈ ਸਕੂਲ ਛੱਡ ਦਿਤਾ।

ਦੋਸਤਾਂ ਵਲੋਂ ਉਤਸ਼ਾਹਿਤ ਹੋ ਕੇ, ਉਨ੍ਹਾਂ ਨੇ  2007 ਵਿਚ ਰਿਐਲਿਟੀ ਸਿੰਗਿੰਗ ਸ਼ੋਅ ‘ਇੰਡੀਅਨ ਆਈਡਲ’ ਲਈ ਆਡੀਸ਼ਨ ਦਿਤਾ, ਜਿੱਥੇ ਉਨ੍ਹਾਂ ਨੇ  ਮੁਕਾਬਲਾ ਜਿੱਤਿਆ। ਤਮਾਂਗ ਦੀ ਜਿੱਤ ’ਤੇ ਦਾਰਜੀਲਿੰਗ ਪਹਾੜੀਆਂ, ਸਿੱਕਮ ਅਤੇ ਨੇਪਾਲ ਦੇ ਕੁੱਝ  ਹਿੱਸਿਆਂ ਵਿਚ ਬੇਮਿਸਾਲ ਜਸ਼ਨ ਮਨਾਇਆ।

ਫਿਰ ਉਹ 2010 ਵਿਚ ਅਪਣੀ ਪਹਿਲੀ ਐਲਬਮ ‘ਧਨਿਆਵਾਦ’ ਲੈ ਕੇ ਆਏ ਅਤੇ ਨਿਯਮਤ ਤੌਰ ਉਤੇ  ਭਾਰਤ ਅਤੇ ਵਿਦੇਸ਼ਾਂ ਵਿਚ ਸੰਗੀਤ ਸਮਾਰੋਹਾਂ ਵਿਚ ਪ੍ਰਦਰਸ਼ਨ ਕੀਤਾ। ਤਮਾਂਗ ਨੇ ਉਸੇ ਸਾਲ ਨੇਪਾਲੀ ਹਿੱਟ ਫਿਲਮ ‘ਗੋਰਖਾ ਪਲਟਨ’ ਨਾਲ ਅਦਾਕਾਰੀ ਸ਼ੁਰੂ ਕੀਤੀ ਅਤੇ ਕਈ ਹੋਰ ਫ਼ਿਲਮਾਂ ’ਚ ਵੀ ਕੰਮ ਕੀਤਾ। ਉਨ੍ਹਾਂ ਨੂੰ ਹਾਲ ਹੀ ਵਿਚ ਭਰਪੂਰ ਪ੍ਰਸੰਸਾ ਪ੍ਰਾਪਤ ਕਰਨ ਵਾਲੇ ਟੀ.ਵੀ. ਸ਼ੋਅ ‘ਪਾਤਾਲ ਲੋਕ’ ਦੇ ਦੂਜੇ ਸੀਜ਼ਨ ਵਿਚ ਵੇਖਿਆ  ਗਿਆ ਸੀ ਜਿੱਥੇ ਉਨ੍ਹਾਂ ਨੇ  ਇਕ  ਕਾਤਲ ਡੈਨੀਅਲ ਲੇਚੋ ਦੀ ਭੂਮਿਕਾ ਨਿਭਾਈ ਸੀ।

ਅਦਾਕਾਰ ਮਰਨ ਉਪਰੰਤ ਸਲਮਾਨ ਖਾਨ ਸਟਾਰਰ ਫਿਲਮ ‘ਬੈਟਲ ਆਫ ਗਲਵਾਨ’ ’ਚ ਵੀ ਨਜ਼ਰ ਆਉਣਗੇ, ਜੋ 17 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪਛਮੀ  ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ‘ਐਕਸ’ ਉਤੇ  ਇਕ  ਪੋਸਟ ਵਿਚ ਤਮੰਗ ਦੇ ਦੇਹਾਂਤ ਉਤੇ  ਸੋਗ ਪ੍ਰਗਟ ਕੀਤਾ ਹੈ।