ਜੀ-20 ਸੰਮੇਲਨ ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਕੀਤੀ PM ਮੋਦੀ ਦੀ ਤਾਰੀਫ਼, ਬੋਲੇ- ਤੁਹਾਡੀ ਅਗਵਾਈ ’ਚ ਅਸੀਂ ਏਕਤਾ ’ਚ ਖੁਸ਼ਹਾਲ ਹੋਵਾਂਗੇ
ਜੀ-20 ਨੇ ਹਰ ਭਾਰਤੀ ਦੇ ਦਿਲ ’ਚ ਮਾਣ-ਸਨਮਾਨ ਦੀ ਭਾਵਨਾ ਪੈਦਾ ਕੀਤੀ ਹੈ
ਨਵੀਂ ਦਿੱਲੀ - ਦਿੱਲੀ ’ਚ ਕਰਵਾਏ ਗਏ ਦੋ ਦਿਨਾਂ ਜੀ-20 ਸਿਖ਼ਰ ਸੰਮੇਲਨ ਦੀ ਸਮਾਪਚੀ ਕੱਲ੍ਹ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧਿਕਾਰਤ ਰੂਪ ਨਾਲ 30 ਨਵੰਬਰ ਤਕ ਜਾਰੀ ਰਹੇਗੀ। ਜੀ-20 ਸੰਮੇਲਨ ਦੀ ਸਮਾਪਤੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦਿਆਂ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪ੍ਰਤੀਕਿਰਿਆ ਦਿੱਤੀ ਹੈ।
ਸ਼ਾਹਰੁਖ ਖ਼ਾਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ‘‘ਭਾਰਤ ਦੀ ਜੀ-20 ਪ੍ਰਧਾਨਗੀ ਦੀ ਸਫ਼ਲਤਾ ਤੇ ਦੁਨੀਆ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਦੇਸ਼ਾਂ ਵਿਚਾਲੇ ਏਕਤਾ ਨੂੰ ਵਧਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ।’’ ਸ਼ਾਹਰੁਖ ਖ਼ਾਨ ਨੇ ਅੱਗੇ ਲਿਖਿਆ ਕਿ ‘‘ਇਸ ਨੇ ਹਰ ਭਾਰਤੀ ਦੇ ਦਿਲ ’ਚ ਮਾਣ-ਸਨਮਾਨ ਦੀ ਭਾਵਨਾ ਪੈਦਾ ਕੀਤੀ ਹੈ। ਸਰ, ਤੁਹਾਡੀ ਅਗਵਾਈ ’ਚ ਅਸੀਂ ਵੱਖਵਾਦ ’ਚ ਨਹੀਂ, ਸਗੋਂ ਏਕਤਾ ’ਚ ਖੁਸ਼ਹਾਲ ਹੋਵਾਂਗੇ। ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ।’’