‘ਜਨ ਨਾਇਗਨ’ ਫਿਲਮ ਦੇ ਨਿਰਮਾਤਾਵਾਂ ਨੇ ਸੁਪਰੀਮ ਕੋਰਟ ਦਾ ਖਟਖਟਾਇਆ ਦਰਵਾਜ਼ਾ
ਕੇ.ਵੀ.ਐਨ. ਪ੍ਰੋਡਕਸ਼ਨਜ਼ ਨੇ ਪਟੀਸ਼ਨ ਕੀਤੀ ਦਾਇਰ
ਚੇਨਈ: ਦੱਖਣ ਭਾਰਤੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਵਿਜੈ ਦੀ ਅਦਾਕਾਰੀ ਵਾਲੀ ਫਿਲਮ ‘ਜਨ ਨਾਇਗਨ’ ਦੇ ਪ੍ਰੋਡਕਸ਼ਨ ਹਾਊਸ ਨੇ ਸੋਮਵਾਰ ਨੂੰ ਫਿਲਮ ਦੇ ਸਰਟੀਫਿਕੇਟ ਉਤੇ ਰੋਕ ਲਗਾਉਣ ਦੇ ਮਦਰਾਸ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਹੁਕਮ ਵਿਰੁਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ।
ਕੇ.ਵੀ.ਐਨ. ਪ੍ਰੋਡਕਸ਼ਨਜ਼ ਨੇ ਹਾਈ ਕੋਰਟ ਡਿਵੀਜ਼ਨ ਬੈਂਚ ਦੇ 9 ਜਨਵਰੀ ਦੇ ਹੁਕਮ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ, ਜਿਸ ਨੇ ਫਿਲਮ ਨੂੰ ਯੂ/ਏ 16+ ਸਰਟੀਫਿਕੇਟ ਜਾਰੀ ਕਰਨ ਲਈ ਸਿੰਗਲ ਜੱਜ ਬੈਂਚ ਦੀ ਮਨਜ਼ੂਰੀ ਨੂੰ ਲਾਗੂ ਕਰਨ ਨੂੰ ਰੋਕ ਦਿਤਾ, ਜਿਸ ਨਾਲ ਪੋਂਗਲ ਤੋਂ ਪਹਿਲਾਂ ਇਸ ਦੀ ਤੁਰਤ ਰਿਲੀਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿਤਾ ਗਿਆ ਸੀ।
ਪ੍ਰੋਡਕਸ਼ਨ ਹਾਊਸ ਨੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਅਤੇ ਇਸ ਦੇ ਖੇਤਰੀ ਅਧਿਕਾਰੀ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ਵਿਚ ਮੁਦਾਇਲਾ ਵਜੋਂ ਪੇਸ਼ ਕੀਤਾ ਹੈ। ਡਿਵੀਜ਼ਨ ਬੈਂਚ ਦਾ ਇਹ ਹੁਕਮ ਉਸ ਸਮੇਂ ਆਇਆ ਹੈ ਜਦੋਂ ਸਿੰਗਲ ਜੱਜ ਬੈਂਚ ਨੇ ਸੀ.ਬੀ.ਐਫ.ਸੀ. ਨੂੰ ਹੁਕਮ ਦਿਤਾ ਸੀ ਕਿ ਉਹ ਫਿਲਮ ਨੂੰ ਸੈਂਸਰ ਸਰਟੀਫਿਕੇਟ ਜਾਰੀ ਕਰੇ।
ਸਿੰਗਲ ਜੱਜ ਦੇ ਹੁਕਮ ਵਿਰੁਧ ਸੀ.ਬੀ.ਐਫ.ਸੀ. ਦੀ ਅਪੀਲ ਉਤੇ ਸੁਣਵਾਈ ਕਰਦਿਆਂ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਿੰਗਲ ਜੱਜ ਨੂੰ ਫਿਲਮ ਲਈ ਸੈਂਸਰ ਸਰਟੀਫਿਕੇਟ ਜਾਰੀ ਕਰਨ ਦੇ ਹੱਕ ਵਿਚ ਹੁਕਮ ਜਾਰੀ ਕਰਨ ਤੋਂ ਪਹਿਲਾਂ ਬੋਰਡ ਨੂੰ ਅਪਣਾ ਜਵਾਬੀ ਹਲਫਨਾਮਾ ਦਾਇਰ ਕਰਨ ਲਈ ਸਮਾਂ ਦੇਣਾ ਚਾਹੀਦਾ ਸੀ।