ਅਮਿਤਾਭ-ਅਭਿਸ਼ੇਕ ਬੱਚਨ ਕੋਰੋਨਾ ਪਾਜ਼ੇਟਿਵ, ਸਿਹਤ ਮੰਤਰੀ ਨੇ ਕਿਹਾ, ‘ਚਿੰਤਾ ਦੀ ਲੋੜ ਨਹੀਂ’
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਅਤੇ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਪਾਈ ਗਈ ਹੈ।
ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਅਤੇ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਪਾਈ ਗਈ ਹੈ। ਰਿਪੋਰਟ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਦੋਵਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਯਾ ਅਤੇ ਐਸ਼ਵਰਿਆ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ।
ਅਮਿਤਾਭ ਅਤੇ ਅਭਿਸ਼ੇਕ ਬੱਚਨ ਦੀ ਸਿਹਤ ਸਬੰਧੀ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਦੋਵਾਂ ਦੀ ਸਿਹਤ ਸਥਿਰ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਰਾਜੇਸ਼ ਟੋਪੇ ਨੇ ਕਿਹਾ, ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਵਿਚ ਹਲਕੇ ਲੱਛਣ ਹਨ।
ਕੋਵਿਡ -19 ਰੈਪਿਡ ਐਂਟੀਜੇਨ ਟੈਸਟ ਵਿਚ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਦੋਵਾਂ ਨੂੰ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਮਿਤਾਭ ਬੱਚਨ ਦੀ ਸਿਹਤ ਸਥਿਰ ਹੈ। ਆਪਣੇ ਪ੍ਰਸ਼ੰਸਕਾਂ ਨੂੰ ਇਕ ਟਵੀਟ ਜ਼ਰੀਏ ਅਮਿਤਾਭ ਬੱਚਨ ਨੇ ਵੀ ਦੱਸਿਆ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਬੱਚਨ ਪਰਿਵਾਰ ਦੇ ਹੋਰ ਲੋਕਾਂ ਦਾ ਵੀ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਹੈ। ਪਿਛਲੇ 10 ਦਿਨਾਂ ਵਿਚ ਅਮਿਤਾਭ ਬੱਚਨ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਉਹਨਾਂ ਨੇ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਸ਼ਨੀਵਾਰ ਰਾਤ 10 ਵਜੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਅਪਣੀ ਨਿੱਜੀ ਗੱਡੀ ਵਿਚ ਹਸਪਤਾਲ ਪਹੁੰਚੇ। ਦੋਵੇਂ ਐਂਬੂਲੈਂਸ ਤੋਂ ਨਹੀਂ ਆਏ। ਦੋਵਾਂ ਨੇ ਹਸਪਤਾਲ ਵਿਚ ਖੁਦ ਨੂੰ ਭਰਤੀ ਕਰਵਾਇਆ ਹੈ। ਦੋਵਾਂ ਦਾ ਆਰਟੀ ਪੀਸੀਆਰ ਟੈਸਟ ਕਰਾਇਆ ਗਿਆ ਹੈ। ਜਾਂਚ ਦੀ ਰਿਪੋਰਟ 24 ਘੰਟਿਆਂ ਵਿਚ ਆਵੇਗੀ।