ਸੁਸ਼ਾਂਤ ਦੇ ਦੋਸਤ, ਕਾਰੋਬਾਰੀ ਪ੍ਰਬੰਧਕ ਅਤੇ ਭੈਣ ਕੋਲੋਂ ਈਡੀ ਨੇ ਕੀਤੀ ਪੁੱਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਈਡੀ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਅਤੇ ਉਸ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ, ਕਾਰੋਬਾਰ ਮੈਨੇਜਰ ਸ਼ਰੁਤੀ ਮੋਦੀ ਅਤੇ ਵੱਡੀ ਭੈਣ ਮੀਤਾ ਸਿੰਘ ਕੋਲੋ...

Sushant Singh

ਮੁੰਬਈ, 11 ਅਗੱਸਤ : ਈਡੀ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਅਤੇ ਉਸ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ, ਕਾਰੋਬਾਰ ਮੈਨੇਜਰ ਸ਼ਰੁਤੀ ਮੋਦੀ ਅਤੇ ਵੱਡੀ ਭੈਣ ਮੀਤਾ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ। ਇਹ ਪੁੱਛਗਿਛ ਅਦਾਕਾਰ ਦੀ ਮੌਤ ਨਾਲ ਸਬੰਧਤ ਕਾਲਾ ਧਨ ਮਾਮਲੇ 'ਚ ਕੀਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਪਿਠਾਨੀ ਅਤੇ ਮੋਦੀ ਸਵੇਰੇ 11 ਵਜੇ ਈਡੀ ਦੇ ਦਫ਼ਤਰ ਪੁੱਜੇ। ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ। ਮੀਤੂ ਸਿੰਘ ਦੁਪਹਿਰੇ ਇਕ ਵਜੇ ਮਗਰੋਂ ਈਡੀ ਦੇ ਦਫ਼ਤਰ ਪੁੱਜੀ। ਮੀਤੂ ਸਿੰਘ ਮੁੰਬਈ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਦੀ ਸੁਰੱਖਿਆ ਵਿਚ ਈਡੀ ਦੇ ਦਫ਼ਤਰ ਪੁੱਜੀ। ਇਹ ਪਹਿਲੀ ਵਾਰ ਹੈ ਜਦ ਰਾਜਪੂਤ ਦੇ ਪਰਵਾਰ ਵਿਚੋਂ ਕੋਈ ਈਡੀ ਸਾਹਮਣੇ ਪੇਸ਼ ਹੋ ਰਿਹਾ ਹੈ। ਰਾਜਪੂਤ ਦੀਆਂ ਚਾਰ ਭੈਣਾਂ ਹਨ। ਆਈਟੀ ਪੇਸ਼ੇਵਰ ਪਿਠਾਨੀ ਨੇ ਮੀਡੀਆ ਨੂੰ ਕਿਹਾ ਸੀ ਕਿ ਉਹ 14 ਜੂਨ ਨੂੰ ਬਾਂਦਰਾ ਦੇ ਫ਼ਲੈਟ ਵਿਚ ਹੀ ਸੀ ਜਦ 34 ਸਾਲਾ ਅਦਾਕਾਰ ਨੇ ਖ਼ੁਦਕੁਸ਼ੀ ਕੀਤੀ ਸੀ। ਈਡੀ ਨੇ ਸੋਮਵਾਰ ਨੂੰ ਮਾਮਲੇ ਦੀ ਮੁੱਖ ਮੁਲਜ਼ਮ ਅਦਾਕਾਰਾ ਰੀਆ ਚਕਰਵਰਤੀ ਕੋਲੋਂ ਸੋਮਵਾਰ ਨੂੰ ਲਗਭਗ ਨੌਂ ਘੰਟੇ ਪੁੱਛ-ਪੜਤਾਲ ਕੀਤੀ ਸੀ। ਰਾਜਪੂਤ ਦੇ ਪਿਤਾ ਨੇ ਰੀਆ ਵਿਰੁਧ ਸ਼ਿਕਾਇਤ ਦਿਤੀ ਸੀ। ਈਡੀ ਦੀ ਨਜ਼ਰ ਰਾਜਪੂਤ ਨਾਲ ਸਬੰਧਤ ਘੱਟੋ ਘੱਟ ਦੋ ਕੰਪਨੀਆਂ ਅਤੇ ਕੁੱਝ ਵਿੱਤੀ ਸੌਦਿਆਂ 'ਤੇ ਵੀ ਹੈ ਜਿਨ੍ਹਾਂ ਵਿਚ ਰੀਆ, ਉਸ ਦੇ ਪਿਤਾ ਅਤੇ ਉਸ ਦਾ ਭਰਾ ਸ਼ਾਮਲ ਹਨ।  

ਰਾਜਪੂਤ ਦੇ ਪਿਤਾ ਦੇ ਪਰਚੇ ਦਾ ਪਟਨਾ ਵਿਚ ਕਿਸੇ ਅਪਰਾਧ ਨਾਲ ਸਬੰਧ ਨਹੀਂ : ਰੀਆ ਚਕਰਵਰਤੀ- ਅਦਾਕਾਰਾ ਰੀਆ ਚਕਰਵਰਤੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੁਆਰਾ ਅਪਣੇ ਬੇਟੇ ਦੀ ਖ਼ੁਦਕੁਸ਼ੀ ਦੇ ਸਬੰਧ ਵਿਚ ਉਸ ਵਿਰੁਧ ਦਰਜ ਕਰਾਈ ਗਈ ਐਫ਼ਆਈਆਰ ਦਾ ਪਟਨਾ ਵਿਚ ਕਿਸੇ ਅਪਰਾਧ ਨਾਲ ਕੋਈ ਸਬੰਧ ਨਹੀਂ। ਜੱਜ ਰਿਸ਼ੀਕੇਸ਼ ਰਾਏ ਦੇ ਬੈਂਚ ਸਾਹਮਣੇ ਰੀਆ ਦੇ ਵਕੀਲ ਸ਼ਿਆਮ ਦੀਵਾਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਸ ਮਾਮਲੇ ਵਿਚ ਰਾਜ ਦਾ ਬਹੁਤ ਜ਼ਿਆਦਾ ਦਖ਼ਲ ਅਤੇ ਅਸਰ ਹੈ, ਇਸ ਲਈ ਇਸ ਵਿਚ ਸਾਜ਼ਸ਼ ਦਾ ਖ਼ਦਸ਼ਾ ਹੈ। ਉਨ੍ਹਾਂ ਸਮੁੱਚੇ ਘਟਨਾਕ੍ਰਮ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਟਨਾ ਵਿਚ ਪਰਚਾ ਦਰਜ ਕਰਾਉਣ ਵਿਚ 38 ਦਿਨ ਤੋਂ ਵੀ ਜ਼ਿਆਦਾ ਦੀ ਦੇਰ ਹੋਈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿਚ ਲਾਏ ਗਏ ਸਾਰੇ ਦੋਸ਼ਾਂ ਦਾ ਸਬੰਧ ਮੁੰਬਈ ਨਾਲ ਹੈ। ਦੀਵਾਨ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਹੁਣ ਤਕ ਇਸ ਮਾਮਲੇ ਵਿਚ 58 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਵਿਚ ਕਾਫ਼ੀ ਪ੍ਰਗਤੀ ਹੋਈ ਹੈ। ਰੀਆ ਨੇ ਪਟੀਸ਼ਨ ਜ਼ਰੀਏ ਕਿਹਾ ਹੈ ਕਿ ਪਟਨਾ ਵਿਚ ਦਰਜ ਕਰਾਇਆ ਪਰਚਾ ਮੁੰਬਈ ਵਿਚ ਤਬਦੀਲ ਕੀਤਾ ਜਾਵੇ।