Ludhiana district ਦੇ ਪਿੰਡ ਸਾਹਨੇਵਾਲ ’ਚ ਧਰਮਿੰਦਰ ਦੀ ਸਿਹਤਯਾਬੀ ਲਈ ਹੋ ਰਹੀਆਂ ਪ੍ਰਾਥਨਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਧਰਮਿੰਦਰ ਸਿਹਤਯਾਬ ਹੋ ਕੇ ਬੁੱਧਵਾਰ ਨੂੰ ਹਸਪਤਾਲ ਤੋਂ ਘਰ ਪਰਤੇ

Prayers are being offered for Dharmendra's recovery in Sahnewal village of Ludhiana district.

ਲੁਧਿਆਣਾ : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਜਿੱਥੇ ਬੀਤੇ ਦਿਨੀਂ ਮੁੰਬਈ ਦੇ ਬ੍ਰੀਚ ਕੈਂਡ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਉਥੇ ਹੀ ਉਨ੍ਹਾਂ ਦੇ ਜੱਦੀ ਪਿੰਡ ਸਾਹਨੇਵਾਲ ’ਚ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਹੋ ਰਹੀਆਂ ਸਨ। ਇਨ੍ਹਾਂ ਪ੍ਰਾਥਨਾਵਾਂ ਅਤੇ ਦੁਆਵਾਂ ਦੇ ਚਲਦਿਆਂ ਧਰਮਿੰਦਰ ਸਿਹਤਯਾਬ ਹੋ ਕੇ ਹਸਪਤਾਲ ਤੋਂ ਘਰ ਪਰਤ ਆਏ ਹਨ।

ਜ਼ਿਕਰਯੋਗ ਹੈ ਕਿ ਧਰਮਿੰਦਰ ਲੁਧਿਆਣਾ ਜ਼ਿਲ੍ਹੇ ਦੇ ਡਾਂਗੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਹ ਕੁੱਝ ਸਮੇਂ ਦੇ ਲਈ ਸਾਹਨੇਵਾਲ ਵਿਚ ਵੀ ਰਹੇ। ਸੁਪਰਸਟਾਰ ਦੇ ਪਿੰਡ ਦੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਅਤੇ ਸਾਹਨੇਵਾਲ ਵਾਸੀਆਂ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਧਰਮਿੰਦਰ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਖਬਰ ਸੁਣੀ ਸੀ, ਉਦੋਂ ਤੋਂ ਹੀ ਉਹ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਥਨਾਵਾਂ ਕਰ ਰਹੇ ਸਨ।

ਧਰਮਿੰਦਰ ਦੀ ਚਾਚੀ 90 ਸਾਲਾ ਪ੍ਰੀਤਮ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਸ਼ਿੰਗਾਰਾ ਸਿੰਘ ਦੀ ਕੁੱਝ ਸਾਲ ਪਹਿਲਾਂ ਕਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਉਹ ਉਸ ਦੇ ਜਾਣ ਦਾ ਦਰਦ ਸਹਿਨ ਨਹੀਂ ਕਰ ਸਕੀ ਸੀ। ਇਸ ਲਈ ਉਹ ਚਾਹੁੰਦੀ ਹੈ ਅਤੇ ਪ੍ਰਾਰਥਨਾ ਕਰਦੀ ਹੈ ਕਿ ਧਰਮਿੰਦਰ ਹੋਰ ਜ਼ਿੰਦਗੀ ਜੀਵੇ ਕਿਉਂਕਿ ਉਹ ਹੋਰ ਦਰਦ ਸਹਿਨ ਨਹੀਂ ਕਰ ਸਕੇਗੀ।

ਉਨ੍ਹਾਂ ਦੱਸਿਆ ਕਿ ਧਰਮਿੰਦਰ ਆਖਰੀ ਵਾਰ ਲਗਭਗ ਇਕ ਦਹਾਕਾ ਪਹਿਲਾਂ ਪਿੰਡ ਆਏ ਸਨ ਪਰ ਉਸ ਦੇ ਚਾਹੁਣ ਵਾਲਿਆਂ ਦੀ ਜ਼ਿਆਦਾ ਭੀੜ ਹੋਣ ਕਾਰਨ ਉਸ ਨਾਲ ਚੰਗੇ ਤਰੀਕੇ ਨਾਲ ਗੱਲ ਨਹੀਂ ਸੀ ਹੋ ਸਕੀ। ਇਸ ਮੌਕੇ 61 ਸਾਲਾ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਧਰਮਿੰਦਰ ਦੇ ਬਿਮਾਰ ਹੋਣ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਿਆ ਪਰ ਉਨ੍ਹਾਂ ਨੇ ਮੁੰਬਈ ’ਚ ਕਿਸੇ ਨੂੰ ਕੋਈ ਫੋਨ ਨਹੀਂ ਕੀਤਾ। ਉਹ ਧਰਮਿੰਦਰ ਦੇ ਜਲਦੀ ਹੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਕਈ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਧਰਮਿੰਦਰ ਦੇ ਹਸਪਤਾਲ ’ਚ ਭਰਤੀ ਹੋਣ ਸਬੰਧੀ ਖ਼ਬਰ ਸੁਣੀ ਸੀ ਪਰ ਸਾਨੂੰ ਉਨ੍ਹਾਂ ਦੀ ਅਸਲ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਕ ਹੋਰ ਪਿੰਡ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਧਰਮਿੰਦਰ 2011 ’ਚ ਪਿੰਡ ਆਏ ਸਨ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੀ ਪਿੰਡ ਦੀ ਮਿੱਟੀ ਨੂੰ ਛੂਹਿਆ ਸੀ। ਸਾਹਨੇਵਾਲ ਦੇ ਪੁਰਾਣਾ ਬਜ਼ਾਰ ਇਲਾਕੇ ’ਚ ਕਈ ਨਿਵਾਸੀ ਵੀ ਮਹਾਨ ਅਦਾਕਾਰ ਦੀ ਬਿਮਾਰੀ ਨੂੰ ਲੈ ਕ ਚਿੰਤਤ ਸਨ। ਇਲਾਕੇ ਦੀ ਇਕ ਬਜ਼ੁਰਗ ਮਹਿਲਾ ਮੰਜੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਆਪਣੇ ਦਾਦਾ ਦੇ ਦੋਸਤ ਧਰਮਿੰਦਰ ਦੀ ਬਿਮਾਰੀ ਬਾਰੇ ਸਾਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਧਰਮਿੰਦਰ ਉਨ੍ਹਾਂ ਦੇ ਘਰ ਦੇ ਨੇੜੇ ਹੀ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਅਤੇ ਉਹ ਉਨ੍ਹਾਂ ਦੀ ਮਾਤਾ ਨਾਲ ਵੀ ਮਿਲੇ ਹਨ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਧਰਮਿੰਦਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਜਦਕਿ ਬੀਤੇ ਕੱਲ੍ਹ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਵੀ ਉਡੀਆਂ ਪਰ ਬੁੱਧਵਾਰ ਦੀ ਸਵੇਰੇ ਧਰਮਿੰਦਰ ਸਿਹਤਯਾਬ ਹੋ ਕੇ ਹਸਪਤਾਲ ਤੋਂ ਆਪਣੇ ਘਰ ਪਰਤ ਚੁੱਕੇ ਹਨ।