ਪੱਤਰਕਾਰੀ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਕਬੂਲ ਲੇਖਕ ਸੰਜੇ ਚੌਹਾਨ ਨਹੀਂ ਰਹੇ
62 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਐਵਾਰਡ ਜੇਤੂ ਫ਼ਿਲਮ ਪਾਨ ਸਿੰਘ ਤੋਮਰ ਦੇ ਲੇਖਕ ਸਨ ਸੰਜੇ ਚੌਹਾਨ
ਮੁੰਬਈ: ਇਰਫਾਨ ਖਾਨ ਦੀ ਐਵਾਰਡ ਜੇਤੂ ਫ਼ਿਲਮ ਪਾਨ ਸਿੰਘ ਤੋਮਰ ਦੇ ਲੇਖਕ ਸੰਜੇ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਉਹ 62 ਸਾਲਾਂ ਦੇ ਸਨ ਅਤੇ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ 12 ਜਨਵਰੀ ਨੂੰ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।
ਉਨ੍ਹਾਂ ਦਾ ਅੰਤਿਮ ਸਸਕਾਰ 13 ਜਨਵਰੀ ਯਾਨੀ ਅੱਜ ਦੁਪਹਿਰ 12.30 ਵਜੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਪਾਨ ਸਿੰਘ ਤੋਮਰ ਤੋਂ ਇਲਾਵਾ ਉਨ੍ਹਾਂ ਨੇ ਸਾਹਬ ਬੀਵੀ ਗੈਂਗਸਟਰ, ਮੈਨੇ ਗਾਂਧੀ ਕੋ ਨਹੀਂ ਮਾਰਾ, ਧੂਪ ਅਤੇ ਆਈ ਐਮ ਕਲਾਮ ਵਰਗੀਆਂ ਫਿਲਮਾਂ ਵੀ ਲਿਖੀਆਂ ਹਨ।
ਸੰਜੇ ਚੌਹਾਨ ਮੱਧ ਪ੍ਰਦੇਸ਼ ਦੇ ਭੋਪਾਲ ਦੇ ਰਹਿਣ ਵਾਲੇ ਸਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹੇ ਸੰਜੇ ਨੇ ਪੱਤਰਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨੇ ਸ਼ੁਰੂਆਤੀ ਦਿਨਾਂ ਵਿੱਚ ਦਿੱਲੀ ਵਿੱਚ ਪੱਤਰਕਾਰੀ ਕੀਤੀ। ਇਸ ਤੋਂ ਬਾਅਦ 1990 ਵਿੱਚ ਉਨ੍ਹਾਂ ਨੂੰ ਕ੍ਰਾਈਮ ਸੀਰੀਜ਼ ਭੰਵਰ ਲਿਖਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਮੁੰਬਈ ਆ ਗਏ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਲਗਾਤਾਰ ਕਈ ਸੀਰੀਅਲ ਅਤੇ ਫਿਲਮਾਂ ਲਿਖੀਆਂ।
ਸੰਜੇ ਚੌਹਾਨ ਦਾ ਚਲੇ ਜਾਣਾ ਹਿੰਦੀ ਸਿਨੇਮਾ ਲਈ ਵੱਡਾ ਘਾਟਾ ਹੈ, ਜਿਨ੍ਹਾਂ ਨੇ ਆਪਣੀ ਬੇਬਾਕੀ ਅਤੇ ਕਲਾਤਮਕ ਲੇਖਣੀ ਨਾਲ ਪਰਦੇ 'ਤੇ ਕਈ ਜਾਦੂਈ ਕਹਾਣੀਆਂ ਅਤੇ ਸੰਵਾਦ ਰਚਿਆ, ਉਹ ਹਿੰਦੀ ਸਿਨੇਮਾ ਜਗਤ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇੰਡਸਟਰੀ 'ਚ ਉਨ੍ਹਾਂ ਦੇ ਦੋਸਤ ਅਤੇ ਚਹੇਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਹ ਆਪਣੇ ਪਿੱਛੇ ਪਤਨੀ ਸਰਿਤਾ ਅਤੇ ਬੇਟੀ ਸਾਰਾ ਛੱਡ ਗਏ ਹਨ।