ਫ਼ਿਲਮੀ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਡਰੱਗ ਲੈਣ ਦੀ ਹੋਈ ਪੁਸ਼ਟੀ
ਨਵੀਂ ਦਿੱਲੀ: ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਅਤੇ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਮੈਡੀਕਲ ਜਾਂਚ 'ਚ ਡਰੱਗ ਲੈਣ ਦੀ ਪੁਸ਼ਟੀ ਹੋਈ ਹੈ ਅਤੇ ਇਸ ਮਾਮਲੇ 'ਚ ਉਸ ਨੂੰ ਬੈਂਗਲੁਰੂ ਦੇ ਉਲਾਸੁਰੂ ਪੁਲਿਸ ਸਟੇਸ਼ਨ ਲਿਆਂਦਾ ਗਿਆ ਹੈ।
ਦੱਸ ਦੇਈਏ ਕਿ ਸਿਧਾਂਤ ਕਪੂਰ ਇੱਕ ਸਟਾਰ ਕਿਡ ਹੈ। ਉਹ ਸ਼ਕਤੀ ਕਪੂਰ ਦਾ ਬੇਟਾ ਅਤੇ ਸ਼ਰਧਾ ਕਪੂਰ ਦਾ ਭਰਾ ਹੈ। ਸਿਧਾਂਤ ਨੇ ਫਿਲਮੀ ਦੁਨੀਆ 'ਚ ਵੀ ਹੱਥ ਅਜ਼ਮਾਇਆ ਪਰ ਉਹ ਆਪਣੇ ਪਿਤਾ ਅਤੇ ਭੈਣ ਦੀ ਤਰ੍ਹਾਂ ਸਫਲ ਨਹੀਂ ਹੋਏ। ਸਿਧਾਂਤ ਨੇ ਕਈ ਫਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ। ਇੱਕ ਸਟਾਰ ਕਿਡ ਹੋਣ ਦੇ ਬਾਵਜੂਦ, ਸਿਧਾਂਤ ਕਪੂਰ ਨੇ ਇੱਕ ਡਿਸਕ ਜੌਕੀ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਹਿੰਦੀ ਸਿਨੇਮਾ ਵਿੱਚ ਇੱਕ ਸਹਾਇਕ ਨਿਰਦੇਸ਼ਕ ਵਜੋਂ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕਾਂ ਨਾਲ ਕੰਮ ਕੀਤਾ। ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਸਿਧਾਂਤ ਨੇ 'ਭੂਲ ਭੁਲੱਈਆ', 'ਭਾਗ-ਭਾਗ', 'ਚੁਪ ਚੁਪ ਕੇ', 'ਢੋਲ' ਆਦਿ ਫਿਲਮਾਂ 'ਚ ਕੰਮ ਕੀਤਾ।
ਸਿਧਾਂਤ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਸ਼ੂਟਆਊਟ ਐਟ ਵਡਾਲਾ' ਨਾਲ ਕੀਤੀ ਸੀ, ਜਿਸ 'ਚ ਅਨਿਲ ਕਪੂਰ, ਕੰਗਨਾ ਰਣੌਤ ਅਤੇ ਜਾਨ ਅਬ੍ਰਾਹਮ ਮੁੱਖ ਭੂਮਿਕਾਵਾਂ 'ਚ ਸਨ। ਇਸ ਤੋਂ ਬਾਅਦ ਸਿਧਾਂਤ ਅਨੁਰਾਗ ਕਸ਼ਯਪ ਦੁਆਰਾ ਨਿਰਦੇਸ਼ਿਤ ਮਨੋਵਿਗਿਆਨਕ ਥ੍ਰਿਲਰ ਫਿਲਮ 'ਅਗਲੀ' ਵਿੱਚ ਨਜ਼ਰ ਆਏ।