Dangerous: Tiger 3 ਦੇਖ ਰਹੇ ਫੈਨਜ਼ ਨੇ ਸਲਮਾਨ ਦੀ ਐਂਟਰੀ 'ਤੇ ਥਿਏਟਰ 'ਚ ਚਲਾਏ ਪਟਾਕੇ, ਵੀਡੀਓ ਵਾਇਰਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਿਵੇਂ ਹੀ ਸਲਮਾਨ ਦਾ ਚਿਹਰਾ ਸਕਰੀਨ 'ਤੇ ਦਿਖਾਈ ਦਿੱਤਾ, ਲੋਕਾਂ ਨੇ ਰਾਕੇਟ ਅਤੇ ਹਰ ਤਰ੍ਹਾਂ ਦੇ ਬੰਬ ਚਲਾਉਣੇ ਸ਼ੁਰੂ ਕਰ ਦਿੱਤੇ

File Photo

'Tiger 3' fans burst firecrackers in Cinema Hall: ਮਹਾਰਾਸ਼ਟਰ - ਸਲਮਾਨ ਖਾਨ ਦੀ ਟਾਈਗਰ 3 ਦੀਵਾਲੀ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਸੀ ਕਿਉਂਕਿ ਸਲਮਾਨ ਨੇ ਪਿਛਲੇ ਕੁਝ ਸਮੇਂ ਤੋਂ ਕਿਸੇ ਨਿਯਮਿਤ ਫ਼ਿਲਮ 'ਚ ਕੰਮ ਨਹੀਂ ਕੀਤਾ ਸੀ ਪਰ ਕੁਝ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹੋ ਗਏ ਅਤੇ ਸਿਨੇਮਾ ਹਾਲ ਦੇ ਅੰਦਰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ।   

ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਉਪਹਾਰ ਸਿਨੇਮਾ ਦੀ ਘਟਨਾ ਨੂੰ ਵੀ ਯਾਦ ਕਰ ਰਹੇ ਹਨ। ਜਿਸ ਤਰ੍ਹਾਂ ਦੀ ਲਾਪਰਵਾਹੀ ਮਾਲੇਗਾਓਂ ਦੇ ਉਸ ਥੀਏਟਰ ਵਿਚ ਦਿਖਾਈ ਗਈ ਹੈ। ਉਥੇ ਕੁਝ ਵੀ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  

ਮਹਾਰਾਸ਼ਟਰ ਦੇ ਮਾਲੇਗਾਓਂ 'ਚ ਜਿਸ ਥੀਏਟਰ 'ਚ 'ਟਾਈਗਰ 3' ਦਿਖਾਉਂਦੇ ਹੋਏ ਪਟਾਕੇ ਚਲਾਏ ਜਾ ਰਹੇ ਹਨ, ਉਹ ਸਿਨੇਮਾ ਹਾਲ ਦੱਸਿਆ ਜਾਂਦਾ ਹੈ। ਇੱਥੇ ਫਿਲਮ ਦੇਖਣ ਆਏ ਪ੍ਰਸ਼ੰਸਕ ਆਪਣੇ ਨਾਲ ਪਟਾਕਿਆਂ ਨਾਲ ਭਰਿਆ ਬੈਗ ਲੈ ਕੇ ਆਏ ਸਨ। ਇਸ ਘਟਨਾ ਦਾ ਜੋ ਵੀਡੀਓ ਚੱਲ ਰਿਹਾ ਹੈ, ਉਸ ਵਿਚ ਸਲਮਾਨ ਖਾਨ ਦੀ ਐਂਟਰੀ ਸੀਨ ਹੈ।  

ਜਿਵੇਂ ਹੀ ਸਲਮਾਨ ਦਾ ਚਿਹਰਾ ਸਕਰੀਨ 'ਤੇ ਦਿਖਾਈ ਦਿੱਤਾ, ਲੋਕਾਂ ਨੇ ਰਾਕੇਟ ਅਤੇ ਹਰ ਤਰ੍ਹਾਂ ਦੇ ਬੰਬ ਚਲਾਉਣੇ ਸ਼ੁਰੂ ਕਰ ਦਿੱਤੇ। ਹਾਲ ਵਿਚ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਸਨ ਅਤੇ ਸ਼ਾਂਤੀ ਨਾਲ ਫਿਲਮ ਦੇਖਣ ਲਈ ਆਏ ਸਨ। ਤਾੜੀਆਂ ਵਜਾਉਣਾ, ਸੀਟੀਆਂ ਵਜਾਉਣਾ ਅਤੇ ਹੂਟਿੰਗ ਵੱਖ-ਵੱਖ ਚੀਜ਼ਾਂ ਹਨ। ਪਰ ਸਿਨੇਮਾ ਹਾਲ ਦੇ ਅੰਦਰ ਪਟਾਕੇ ਚਲਾਉਣਾ ਉੱਥੇ ਬੈਠੇ ਹੋਰ ਲੋਕਾਂ ਲਈ ਖ਼ਤਰਨਾਕ ਹੈ। ਦੂਜਾ, ਤੁਸੀਂ ਫਿਲਮ ਦੇਖਦੇ ਸਮੇਂ ਕਿਸੇ ਹੋਰ ਵਿਅਕਤੀ ਦੇ ਅਨੁਭਵ ਨੂੰ ਖਰਾਬ ਨਹੀਂ ਕਰ ਸਕਦੇ। ਇਹ ਇੱਕ ਬੁਨਿਆਦੀ ਗੱਲ ਹੈ।

 

 

ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਅਦਾਕਾਰ ਸਲਮਾਨ ਖਾਨ ਨੇ ਵੀ ਅਪਣੇ ਫੈਨਸ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਲਿਖਿਆ, 'ਟਾਈਗਰ 3 ਦੌਰਾਨ ਥੀਏਟਰ ਦੇ ਅੰਦਰ ਆਤਿਸ਼ਬਾਜ਼ੀ ਵਾਲੀ ਘਟਨਾ ਬਾਰੇ ਸੁਣ ਰਿਹਾ ਹਾਂ। ਇਹ ਖ਼ਤਰਨਾਕ ਹੈ। ਆਓ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜੋਖ਼ਮ ਵਿਚ ਪਾਏ ਬਿਨਾਂ ਫ਼ਿਲਮ ਦਾ ਆਨੰਦ ਮਾਣੀਏ। ਸੁਰੱਖਿਅਤ ਰਹੋ'।