ਕੈਨੇਡਾ ਤੋਂ ਸਿੱਧਾ ਦਿੱਲੀ ਧਰਨੇ 'ਚ ਪਹੁੰਚੇ ਗਿੱਪੀ ਗਰੇਵਾਲ, ਕਿਸਾਨੀ ਮੋਰਚੇ 'ਚ ਲਗਾਈ ਹਾਜ਼ਰੀ 

ਏਜੰਸੀ

ਮਨੋਰੰਜਨ, ਬਾਲੀਵੁੱਡ

ਗਿੱਪੀ ਗਰੇਵਾਲ ਨੇ ਇਕ ਪੋਸਟ ਤੇ ਇਕ ਲਾਈਵ ਵੀਡੀਓ ਪਾ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ।

Gippy Grewal arrives at Delhi Dharna

ਨਵੀਂ ਦਿੱਲੀ - ਖ਼ੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਹੁਣ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਮਾਰੂ ਖ਼ੇਤੀ ਬਿੱਲਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ 2 ਹਫ਼ਤਿਆਂ ਤੋਂ ਜ਼ਿਆਦਾ ਦਿਨ ਹੋ ਚੁੱਕੇ ਹਨ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਤੋਂ ਸਹਿਯੋਗ ਮਿਲ ਰਿਹਾ ਹੈ।

ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ 'ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਰੌਕਸਟਾਰ ਗਿੱਪੀ ਗਰੇਵਾਲ ਦਿੱਲੀ ਧਰਨੇ 'ਚ ਪਹੁੰਚ ਚੁੱਕੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਇਕ ਪੋਸਟ ਤੇ ਇਕ ਲਾਈਵ ਵੀਡੀਓ ਪਾ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ।

 

 

ਇਸ ਤੋਂ ਇਲਾਵਾ ਦਿੱਲੀ ਧਰਨੇ ਦੌਰਾਨ ਗਿੱਪੀ ਗਰੇਵਾਲ ਖ਼ਾਲਸਾ ਏਡ ਦੇ ਕਰਮਚਾਰੀਆਂ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਥੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਕਿਸਾਨੀ ਧਰਨੇ 'ਚ ਜਿਮ, ਕੱਪੜੇ ਧੌਣ ਲਈ ਮਸ਼ੀਨਾਂ, ਬਜ਼ੁਰਗਾਂ ਲਈ ਲੱਤਾਂ ਦੀ ਮਸਾਜ ਵਾਸਤੇ ਮਸ਼ੀਨਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਹਰ ਕੋਈ ਆਪਣੀ ਸਮੱਰਥਾਂ ਅਨੁਸਾਰ ਕਿਸਾਨੀ ਅੰਦੋਲਨ 'ਚ ਬੈਠੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਕਿ ਦਿੱਲੀ ਸਾਰੇ ਕਿਸਾਨ ਬਹੁਤ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਖ਼ੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਫਿਲਮ ਇੰਡਸਟਰੀ ਦੇ ਹੋਰ ਵੀ ਕਈ ਕਲਾਕਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ ਤੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਕਿਸਾਨੀ ਸੰਘਰਸ਼ ਨਾਲ ਡਟੇ ਹੋਏ ਹਨ। ਸੋਸ਼ਲ ਮੀਡੀਆ ਰਾਹੀਂ ਅਮਰਿੰਦਰ ਗਿੱਲ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਅਮਰਿੰਦਰ ਗਿੱਲ ਤੇ ਉਨ੍ਹਾਂ ਦੇ ਭਰਾ ਕਾਰਜ ਗਿੱਲ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਵੀ ਕਿਸਾਨੀ ਸੰਘਰਸ਼ 'ਚ ਆਪਣਾ ਸਮਰਥਨ ਦਿੰਦਿਆਂ ਵੱਡਾ ਕਦਮ ਚੁੱਕਿਆ। ਦਰਅਸਲ ਉਨ੍ਹਾਂ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ 'ਜੀਓ ਸਾਵਨ' ਤੋਂ ਆਪਣੀਆਂ ਫਿਲਮਾਂ ਤੇ ਗਾਣੇ ਹਟਾਉਣ ਦੀ ਗੱਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਹਾਲ ਹੀ 'ਚ ਅਮਰਿੰਦਰ ਗਿੱਲ ਨੇ ਖ਼ੁਦ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਨੇ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਦੇ ਇਸ ਕਦਮ ਦੀ ਪ੍ਰਸ਼ੰਸਾਂ ਕੀਤੀ ਅਤੇ ਹੁਣ ਉਹ ਖ਼ੁਦ ਵੀ ਸਾਰਿਆਂ ਨੂੰ ਅਪੀਲ ਕਰ ਰਹੇ ਹਨ, ਰਿਲਾਇੰਸ ਤੇ ਜੀਓ ਸਾਵਨ ਦਾ ਬਾਈਕਾਟ ਕੀਤਾ ਜਾਵੇ। 

ਜੈਜ਼ੀ ਬੀ ਨੇ ਕੀਤਾ ਰਿਲਾਇੰਸ ਦੇ ਜਿਓ ਸਾਵਨ ਦਾ ਬਾਈਕਾਟ 
ਜੈਜ਼ੀ ਬੀ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਆਓ ਸਾਰੇ ਰਲ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਰਿਲਾਇੰਸ ਦੇ ਜੀਓ ਸਾਵਨ ਦਾ ਬਾਈਕਾਟ ਕਰੀਏ। ਸਾਰੇ ਆਪਣੇ ਫੋਨਾਂ ਤੋਂ ਜੀਓ ਸਾਵਨ ਨਾਲ ਕੰਟਰੈਕਟ ਕੈਂਸਲ ਕਰਨ ਲਈ ਕਹੋ।

ਇਸ ਦੇ ਨਾਲ ਹੀ ਦੱਸ ਦਈਏ ਪੰਜਾਬੀ ਗਾਇਕ ਤੇ ਲੇਖਕ ਬੀਰ ਸਿੰਘ ਨੇ ਜਿਓ ਸਾਵਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਵੀ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਨੂੰ ਢਿੱਲੋਂ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਲਈ ਜਿਓ ਸਾਵਨ ਸਟੋਰ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ ਇਹ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ ਹੈ।