ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਸ਼ੁਰੂ ਕੀਤਾ ਕਾਰੋਬਾਰ, ਸਭ ਤੋਂ ਵੱਡੀ ਸ਼ਰਾਬ ਕੰਪਨੀ ਨਾਲ ਕੀਤੀ ਸਾਂਝੇਦਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਲਾਂਚ ਕਰਨਗੇ ਅਲਟਰਾ-ਪ੍ਰੀਮੀਅਮ ਵੋਡਕਾ ਬ੍ਰਾਂਡ D'Yavol

Aryan Khan to make business debut

 

ਮੁੰਬਈ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਕਾਰੋਬਾਰ ਦੀ ਦੁਨੀਆਂ ਵਿਚ ਕਦਮ ਰੱਖਿਆ ਹੈ। ਬਡਵਾਈਜ਼ਰ ਅਤੇ ਕੋਰੋਨਾ ਬੀਅਰ ਵੇਚਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ AB InBev ਦੀ ਭਾਰਤੀ ਇਕਾਈ ਨੇ ਆਰਿਅਨ ਖਾਨ ਨਾਲ ਸਾਂਝੇਦਾਰੀ ਕੀਤੀ ਹੈ।

ਕਾਰੋਬਾਰ ਦੀ ਸ਼ੁਰੂਆਤ ਕਰਨ ਲਈ ਆਰਿਅਨ ਖਾਨ ਯੂਰਪ ਅਧਾਰਤ ਵਪਾਰਕ ਭਾਈਵਾਲ ਬੰਟੀ ਸਿੰਘ ਅਤੇ ਲੇਟੀ ਬਲਾਗੋਏਵਾ ਦੇ ਨਾਲ ਅਲਟਰਾ-ਪ੍ਰੀਮੀਅਮ ਵੋਡਕਾ ਬ੍ਰਾਂਡ D'Yavol ਨੂੰ ਲਾਂਚ ਕਰਨ ਜਾ ਰਹੇ ਹਨ, ਜਿਸ ਨੂੰ ਦੇਸ਼ ਵਿਚ AB InBev ਵੱਲੋਂ ਵੇਚਿਆ ਜਾਵੇਗਾ।

ਇਕ ਮੀਡੀਆ ਰਿਪੋਰਟ ਮੁਤਾਬਕ ਆਰਿਅਨ ਖਾਨ ਨੇ ਦੱਸਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝਦੇ ਹਨ। ਭਾਰਤੀ ਬਾਜ਼ਾਰ 'ਚ ਅਜੇ ਵੀ ਵਾਧੇ ਦੀ ਕਾਫੀ ਗੁੰਜਾਇਸ਼ ਹੈ। ਉਹਨਾਂ ਦੱਸਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਬ੍ਰਾਊਨ ਸਪਿਰਿਟ ਜਿਵੇਂ ਵਿਸਕੀ ਅਤੇ ਰਮ ਨੂੰ ਬੇਵਰੇਜ ਕੰਪਨੀ ਰਾਹੀਂ ਲਾਂਚ ਕੀਤਾ ਜਾਵੇਗਾ।

ਆਰਿਅਨ ਖਾਨ ਅਤੇ ਉਹਨਾਂ ਦੇ ਕਾਰੋਬਾਰੀ ਸਹਿਯੋਗੀ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਉਤਪਾਦ ਬਾਜ਼ਾਰ 'ਚ ਲੈ ਕੇ ਆਉਣਗੇ। ਇਸ ਦੇ ਨਾਲ ਹੀ ਪੁਰਾਣੇ ਉਤਪਾਦਾਂ ਨੂੰ ਹੋਰ ਵਧਾਇਆ ਜਾਵੇਗਾ। 2023 ਵਿਚ ਸਲੈਬ ਆਪਣੇ ਵੋਡਕਾ ਬ੍ਰਾਂਡ ਨੂੰ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਹੋਰ ਬਾਜ਼ਾਰਾਂ ਵਿਚ ਵੀ ਲੈ ਜਾਵੇਗਾ। ਆਰਿਅਨ ਖ਼ਾਨ ਮੁਤਾਬਕ ਉਹ ਸਾਲ 2018 ਵਿਚ ਜਰਮਨੀ ਵਿਚ ਆਪਣੇ ਕਾਰੋਬਾਰੀ ਭਾਈਵਾਲਾਂ ਨੂੰ ਮਿਲੇ ਸਨ। ਇਸ ਦੌਰਾਨ ਉਹਨਾਂ ਨੇ ਆਉਣ ਵਾਲੇ ਸਮੇਂ ਵਿਚ ਭਾਰਤ ਵਿਚ ਲਗਜ਼ਰੀ ਉਤਪਾਦਾਂ ਅਤੇ ਸੇਵਾਵਾਂ ਨੂੰ ਪੇਸ਼ ਕਰਨ ਬਾਰੇ ਚਰਚਾ ਕੀਤੀ। ਦੱਸ ਦੇਈਏ ਕਿ ਆਰਿਅਨ ਖਾਨ ਨੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ।