ਪਾਕਿਸਤਾਨ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ AICWA ਨੇ ਮੀਕਾ ਸਿੰਘ ਨੂੰ ਕੀਤਾ ਬੈਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਰਾਚੀ ਵਿਚ ਜਨਰਲ ਮੁਸ਼ਰਫ਼ ਦੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ੋਅ ਕਰਨ ਤੋਂ ਬਾਅਦ All India Cine Workers Association ਨੇ ਵੀ ਮੀਕਾ ਸਿੰਘ ਨੂੰ ਬੈਨ ਕਰ ਦਿੱਤਾ ਹੈ।

Mika Singh

ਨਵੀਂ ਦਿੱਲੀ: ਸਿੰਗਰ ਮੀਕਾ ਸਿੰਘ ਨੇ ਹਾਲ ਹੀ ਵਿਚ ਪਾਕਿਸਤਾਨ ਦੇ ਕਰਾਚੀ ਵਿਚ ਜਨਰਲ ਮੁਸ਼ਰਫ਼ ਦੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ੋਅ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਟਰੋਲ ਕੀਤਾ ਗਿਆ ਸੀ। ਮੀਕਾ ਸਿੰਘ ਪਾਕਿਸਤਾਨ ਵਿਚ ਅਪਣੇ ਸ਼ੋਅ ਨੂੰ ਲੈ ਕੇ ਹੁਣ ਇਕ ਵਾਰ ਫਿਰ ਮੁਸੀਬਤ ਵਿਚ ਫਸ ਗਏ ਹਨ। ਹੁਣ AICWA (All India Cine Workers Association) ਨੇ ਵੀ ਮੀਕਾ ਸਿੰਘ ਨੂੰ ਬੈਨ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਏਐਨਆਈ ਦੇ ਟਵਿਟਰ ਹੈਂਡਲ ਦੇ ਜ਼ਰੀਏ ਦਿੱਤੀ ਗਈ ਹੈ।

ਟਵੀਟ ਵਿਚ ਲਿਖਿਆ ਹੈ ਕਿ, ‘ਏਆਈਸੀਡਬਲਿਯੂਏ ਨੇ ਫਿਲਮ ਇੰਡਸਟਰੀ ਦੇ ਸਿੰਗਰ ਮੀਕਾ ਸਿੰਘ ਨੂੰ ਕਰਾਚੀ ਵਿਚ 8 ਅਗਸਤ ਨੂੰ ਸ਼ੋਅ ਕਰਨ ‘ਤੇ ਬੈਨ ਕਰ ਦਿੱਤਾ ਹੈ। ਇਹ ਇਵੇਂਟ ਜਨਰਲ ਮੁਸ਼ਰਫ਼ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਸੀ’। ਉੱਥੇ ਹੀ AICWA ਦੇ ਪ੍ਰੇਜ਼ੀਡੇਂਟ ਸੁਰੇਸ਼ ਸ਼ਿਆਮਲਾਲ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ AICWA ਇਸ ਗੱਲ ਦਾ ਧਿਆਨ ਰੱਖੇਗਾ ਕਿ ਮੀਕਾ ਸਿੰਘ ਨਾਲ ਭਾਰਤ ਵਿਚ ਕੋਈ ਵੀ ਕੰਮ ਨਹੀਂ ਕਰੇ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਇਸ ਲਈ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ।

 


 

ਉਹਨਾਂ ਨੇ ਕਿਹਾ ਕਿ ਜਦੋਂ ਦੋਵੇਂ ਦੇਸ਼ਾਂ ਵਿਚ ਇੰਨਾ ਤਣਾਅ ਚੱਲ ਰਿਹਾ ਹੈ ਤਾਂ ਉਸ ਸਮੇਂ ਮੀਕਾ ਸਿੰਘ ਨੇ ਦੇਸ਼ ਦੇ ਸਨਮਾਨ ਅੱਗੇ ਪੈਸਿਆਂ ਨੂੰ ਰੱਖਿਆ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪਾਕਿਸਤਾਨ ਨੇ ਭਾਰਤੀ ਸਮਾਨ ਦੇ ਨਾਲ ਫਿਲਮਾਂ ਨੂੰ ਬੈਨ ਕਰ ਦਿੱਤਾ ਹੈ ਪਰ ਮੀਕਾ ਕਰਾਚੀ ਵਿਚ ਪਰਵੇਜ਼ ਮੁਸ਼ਰਫ਼ ਦੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਪ੍ਰੋਗਰਾਮ ਕਰਨ ਪਹੁੰਚ ਗਏ। ਸ਼ੋਅ ਦੌਰਾਨ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਨੂੰ ਪਾਕਿਸਤਾਨੀ ਪੱਤਰਕਾਰ ਨੇ ਸ਼ੇਅਰ ਕੀਤਾ ਸੀ।  ਪਾਕਿਸਤਾਨ ਵਿਚ ਅਪਣੇ ਸ਼ੋਅ ਤੋਂ ਬਾਅਦ ਮੀਕਾ ਸਿੰਘ ਟਰੋਲਰਜ਼ ਦੇ ਨਿਸ਼ਾਨੇ ‘ਤੇ ਵੀ ਆ ਗਏ ਸਨ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ