23 ਸਤੰਬਰ ਤੋਂ ਸ਼ੁਰੂ ਹੋਣਗੀਆਂ ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ, 24 ਨੂੰ ਲੈਣਗੇ ਫੇਰੇ, ਪਹੁੰਚਣਗੀਆਂ ਕਈ ਹਸਤੀਆਂ
ਇਸ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ।
ਚੰਡੀਗੜ੍ਹ - 'ਆਪ' ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। 24 ਸਤੰਬਰ ਨੂੰ ਦੋਵੇਂ ਝੀਲਾਂ ਵਾਲੇ ਸ਼ਹਿਰ ਵਿਚ ਫੇਰੇ ਲੈਣਗੇ। ਇਸ ਦੋ ਦਿਨਾਂ ਸਮਾਗਮ ਦਾ ਸੱਦਾ ਪੱਤਰ ਵੀ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 24 ਸਤੰਬਰ ਨੂੰ ਤਾਜ ਲੇਕ ਪੈਲੇਸ ਵਿਖੇ ਰਾਘਵ ਦਾ ਸਹਿਰਾਬੰਦੀ ਸਮਾਰੋਹ ਹੋਵੇਗਾ ਅਤੇ ਇਸ ਤੋਂ ਬਾਅਦ ਬਰਾਤ ਦਿ ਲੀਲਾ ਪੈਲੇਸ ਹੋਟਲ ਲਈ ਰਵਾਨਾ ਹੋਵੇਗੀ।
ਵਿਆਹ ਦੀ ਰਸਮ ਉਦੈਪੁਰ ਵਿਚ ਪਿਚੋਲਾ ਝੀਲ ਦੇ ਕੰਢੇ ਸਥਿਤ ਲੀਲਾ ਹੋਟਲ ਵਿਚ ਹੋਵੇਗੀ। ਇਸ ਤੋਂ ਇਲਾਵਾ ਲੇਕ ਪੈਲੇਸ ਤੋਂ ਉਦੈਵਿਲਾਸ ਤੱਕ ਦੀ ਬੁਕਿੰਗ ਵੀ ਹੋ ਚੁੱਕੀ ਹੈ। ਸੱਦਾ ਪੱਤਰ ਦੇ ਅਨੁਸਾਰ, ਵਿਆਹ ਦੀਆਂ ਰਸਮਾਂ 23 ਸਤੰਬਰ ਨੂੰ ਸਵੇਰੇ 10 ਵਜੇ ਪਰਿਣੀਤੀ ਦੇ ਚੂੜੇ ਦੀ ਰਸਮ ਨਾਲ ਸ਼ੁਰੂ ਹੋਣਗੀਆਂ। ਚੂੜਾ ਰਸਮ ਤੋਂ ਬਾਅਦ ਦੁਪਹਿਰ ਸਮੇਂ ਲੀਲਾ ਪੈਲੇਸ ਵਿਖੇ ਮਹਿਮਾਨਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਸ਼ਾਮ ਨੂੰ ਸੰਗੀਤ ਸਮਾਰੋਹ ਹੋਵੇਗਾ, ਜਿਸ ਦਾ ਥੀਮ 90 ਦੇ ਦਹਾਕੇ 'ਤੇ ਆਧਾਰਿਤ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸ਼ਾਮ 90 ਦੇ ਦਹਾਕੇ ਦੇ ਗੀਤਾਂ ਨਾਲ ਸਜਾਈ ਜਾਵੇਗੀ। ਕਾਰਡ ਮੁਤਾਬਕ ਰਾਘਵ 24 ਸਤੰਬਰ ਨੂੰ ਬਰਾਤ ਲੈ ਕੇ ਲੀਲਾ ਪੈਲੇਸ ਪਹੁੰਚਣਗੇ।
ਬਾਅਦ ਦੁਪਹਿਰ 3:30 ਵਜੇ ਜੈ ਮਾਲਾ ਹੋਵੇਗੀ। ਅੱਧੇ ਘੰਟੇ ਬਾਅਦ ਸ਼ਾਮ 4 ਵਜੇ ਰਾਘਵ-ਪਰਿਣੀਤੀ ਆਪਣੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਫੇਰੇ ਲੈਣਗੇ। ਰਸਮਾਂ ਦੀ ਸਮਾਪਤੀ ਤੋਂ ਬਾਅਦ ਸ਼ਾਮ 6:30 ਵਜੇ ਵਿਦਾਇਗੀ ਹੋਵੇਗੀ। ਇਸ ਤੋਂ ਬਾਅਦ ਰਾਤ 8.30 ਵਜੇ ਤੋਂ ਰਿਸੈਪਸ਼ਨ ਅਤੇ ਗਾਲਾ ਡਿਨਰ ਹੋਵੇਗਾ। ਇਸ ਸਮਾਗਮ ਵਿਚ ਕਈ ਵੀ.ਵੀ.ਆਈ.ਪੀਜ਼ ਆਉਣਗੇ। ਇਸ ਵਿਆਹ ਸਮਾਗਮ 'ਚ ਦੇਸ਼ ਦੇ ਕਈ ਉੱਘੇ ਨੇਤਾ, ਉਦਯੋਗਪਤੀ ਅਤੇ ਫਿਲਮੀ ਹਸਤੀਆਂ ਪੁੱਜਣਗੀਆਂ। ਪਰਿਣੀਤੀ ਅਤੇ ਰਾਘਵ ਦੇ ਪਰਿਵਾਰਕ ਮੈਂਬਰ 22 ਸਤੰਬਰ ਦੀ ਸ਼ਾਮ ਤੱਕ ਉਦੈਪੁਰ ਪਹੁੰਚ ਸਕਦੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਕਾਂਗਰਸ ਨੇਤਾ ਕਪਿਲ ਸਿੱਬਲ, ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਸਮੇਤ ਕਈ ਵੱਡੇ ਨੇਤਾਵਾਂ ਨੇ ਸ਼ਮੂਲੀਅਤ ਕੀਤੀ ਸੀ।