ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

34 ਸਾਲ ਦਾ ਅਦਾਕਾਰ ਉਦਾਸੀ ਰੋਗ ਤੋਂ ਪੀੜਤ ਸੀ

Sushant Rajput

ਮੁੰਬਈ, 14 ਜੂਨ : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਂਦਰਾ ਵਿਚ ਪੈਂਦੇ ਅਪਣੇ ਘਰ ਵਿਚ ਕਥਿਤ ਤੌਰ 'ਤੇ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਉਹ 34 ਵਰ੍ਹਿਆਂ ਦੇ ਸਨ।  ਖ਼ਬਰਾਂ ਮੁਤਾਬਕ ਸੁਸ਼ਾਂਤ ਉਦਾਸੀ ਰੋਗ ਤੋਂ ਪੀੜਤ ਸੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਇਲਾਜ ਕਰਵਾ ਰਿਹਾ ਸੀ। ਉਸ ਦੇ ਘਰ ਵਿਚ ਕੰਮ ਕਰਨ ਵਾਲੇ ਨੂੰ ਸੱਭ ਤੋਂ ਪਹਿਲਾਂ ਉਸ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਾ। ਕੰਮ ਕਰਨ ਵਾਲੇ ਨੇ ਜਦ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਗਿਆ। ਫਿਰ ਚਾਬੀਆਂ ਵਾਲੇ ਨੂੰ ਬੁਲਾਇਆ ਅਤੇ ਦਰਵਾਜ਼ੇ ਖੋਲ੍ਹੇ ਜਾਣ 'ਤੇ ਸੁਸ਼ਾਂਤ ਦੀ ਲਾਸ਼ ਅੰਦਰ ਪੱਖੇ ਨਾਲ ਲਟਕ ਰਹੀ ਸੀ।

ਪਛਮੀ ਖੇਤਰ ਦੇ ਵਧੀਕ ਪੁਲਿਸ ਕਮਿਸ਼ਨਰ ਮਨੋਜ ਸ਼ਰਮਾ ਨੇ ਦਸਿਆ, 'ਸੁਸ਼ਾਂਤ ਨੇ ਬਾਂਦਰਾ ਵਿਚ ਪੈਂਦੇ ਅਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ।' ਵੱਡੇ ਪਰਦੇ 'ਤੇ ਰਾਜਪੂਤ ਦੀ ਆਖ਼ਰੀ ਫ਼ਿਲਮ 'ਛਿਛੋਰੇ' ਸੀ। ਜ਼ਿਕਰਯੋਗ ਹੈ ਕਿ ਉਸ ਦੀ ਮੈਨੇਜਰ 28 ਸਾਲਾ ਦਿਸ਼ਾ ਸਾਲਿਯਾਨ ਨੇ ਨੌਂ ਜੂਨ ਨੂੰ ਇਮਾਰਤ ਤੋਂ ਛਾਲ ਮਾਰ ਕੇ
ਖ਼ੁਦਕੁਸ਼ੀ ਕਰ ਲਈ ਸੀ।

ਟੈਲੀਵਿਜ਼ਨ ਸੀਰੀਅਲ 'ਪਵਿੱਤਰ ਰਿਸ਼ਤਾ' ਵਿਚ ਨਿਭਾਏ ਕਿਰਦਾਰ ਨਾਲ ਮਸ਼ਹੂਰ ਹੋਏ ਅਦਾਕਾਰ ਨੇ 2013 ਵਿਚ 'ਕਾਈ ਪੋ ਛੇ' ਤੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਸ਼ੁੱਧ ਦੇਸੀ ਰੋਮਾਂਸ, ਐਮ ਐਮ ਧੋਨੀ, ਦ ਅਨਟੋਲਡ ਸਟੋਰੀ, ਰਾਬਤਾ, ਕੇਦਾਰਨਾਥ ਅਤੇ ਸੋਨਚਿੜੀਆ ਜਿਹੀਆਂ ਫ਼ਿਲਮਾਂ ਵਿਚ ਕੰਮ ਕੀਤਾ ਸੀ। ਕਈ ਫ਼ਿਲਮਾਂ ਵਿਚ ਮੋਹਰੀ ਰੋਲ ਨਿਭਾਇਆ ਸੀ। ਬਾਲੀਵੁਡ ਦੀਆਂ ਕਈ ਹਸਤੀਆਂ ਨੇ ਸੁਸ਼ਾਂਤ ਦੀ ਮੌਤ 'ਤੇ ਡਾਢਾ ਦੁੱਖ ਪ੍ਰਗਟ ਕੀਤਾ ਹੈ। ਫ਼ਿਲਮੀ ਹਸਤੀਆਂ ਦਾ ਕਹਿਣਾ ਹੈ ਕਿ ਸੁਸ਼ਾਂਤ ਨੇ ਬਹੁਤ ਘੱਟ ਉਮਰ ਵਿਚ ਵੱਡਾ ਮੁਕਾਮ ਹਾਸਲ ਕੀਤਾ।

ਬਹੁਤ ਛੇਤੀ ਚਲਾ ਗਿਆ ਸੁਸ਼ਾਂਤ ਸਿੰਘ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਾਂਤ ਸਿੰਘ ਦੀ ਮੌਤ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਨੌਜਵਾਨ ਅਦਾਕਾਰ ਸੀ ਜੋ ਬਹੁਤ ਛੇਤੀ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ। ਮੋਦੀ ਨੇ ਕਿਹਾ ਕਿ ਮਨੋਰੰਜਨ ਜਗਤ ਵਿਚ ਰਾਜਪੂਤ ਦੀ ਤਰੱਕੀ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸ ਦੀ ਮੌਤ ਤੋਂ ਸਦਮੇ ਵਿਚ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।'