ਅਦਾਕਾਰ ਕਰਨਵੀਰ ਬੋਹਰਾ ਸਮੇਤ ਛੇ ਲੋਕਾਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ?

ਏਜੰਸੀ

ਮਨੋਰੰਜਨ, ਬਾਲੀਵੁੱਡ

ਮਹਿਲਾ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਹੋਈ ਕਾਰਵਾਈ  

Case registered against six persons including actor Karanveer Bohra

ਮਹਾਰਾਸ਼ਟਰ : ਛੋਟੇ ਪਰਦੇ ਦੇ ਵੱਡੇ ਕਲਾਕਾਰਾਂ ਵਿੱਚੋਂ ਇੱਕ ਕਰਨਵੀਰ ਬੋਹਰਾ ਸਮੇਤ ਛੇ ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਕਰਨਵੀਰ ਬੋਹਰਾ ਨੇ 40 ਸਾਲਾ ਔਰਤ ਨਾਲ ਪੈਸੇ ਲੈ ਕੇ ਠੱਗੀ ਮਾਰੀ ਹੈ। ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।

ਓਸ਼ੀਵਾੜਾ  ਪੁਲਿਸ ਨੇ ਅਦਾਕਾਰ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਮਨੋਜ ਬੋਹਰਾ ਉਰਫ ਕਰਨਵੀਰ ਬੋਹਰਾ ਨੇ ਉਸ ਤੋਂ 1.99 ਕਰੋੜ ਰੁਪਏ ਉਧਾਰ ਲਏ ਸਨ। ਅਭਿਨੇਤਾ ਨੇ ਵਾਅਦਾ ਕੀਤਾ ਸੀ ਕਿ ਉਹ 2.5 ਫ਼ੀਸਦੀ ਵਿਆਜ ਨਾਲ ਪੈਸੇ ਵਾਪਸ ਕਰ ਦੇਣਗੇ ਪਰ ਸਿਰਫ 1 ਕਰੋੜ ਰੁਪਏ ਹੀ ਵਾਪਸ ਕੀਤੇ ਗਏ।

ਔਰਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਬੋਹਰਾ ਅਤੇ ਉਸ ਦੀ ਪਤਨੀ ਤਜਿੰਦਰ ਸਿੱਧੂ ਨੇ ਸਹੀ ਜਵਾਬ ਨਹੀਂ ਦਿੱਤਾ, ਇੱਥੋਂ ਤੱਕ ਕਿ ਉਪਰੋਂ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।  ਇਸ ਮਾਮਲੇ 'ਚ ਓਸ਼ੀਵਾੜਾ ਪੁਲਿਸ ਦਾ ਕਹਿਣਾ ਹੈ ਕਿ ਕਰਨਵੀਰ ਬੋਹਰਾ ਅਤੇ ਹੋਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।