ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਟਵੀਟ ਕਰਕੇ ਕਿਹਾ- ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ
ਅਕਸ਼ੈ ਕੁਮਾਰ ਕੋਲ ਅਜੇ ਵੀ ਕੈਨੇਡਾ ਦੀ ਨਾਗਰਿਕਤਾ ਸੀ।
ਮੁੰਬਈ - ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ। 15 ਅਗਸਤ ਦੇ ਮੌਕੇ 'ਤੇ ਅਕਸ਼ੈ ਕੁਮਾਰ ਨੇ ਟਵਿਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ- ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ ਹਨ। ਸੁਤੰਤਰਤਾ ਦਿਵਸ ਮੁਬਾਰਕ.. ਜੈ ਹਿੰਦ। ਮਹੱਤਵਪੂਰਨ ਗੱਲ ਇਹ ਹੈ ਕਿ ਅਕਸ਼ੈ ਕੁਮਾਰ ਕੋਲ ਅਜੇ ਵੀ ਕੈਨੇਡਾ ਦੀ ਨਾਗਰਿਕਤਾ ਸੀ। ਇਸ ਕਾਰਨ ਲੋਕ ਅਕਸਰ ਉਸ ਨੂੰ ਕੈਨੇਡੀਅਨ ਕੁਮਾਰ ਕਹਿ ਕੇ ਟ੍ਰੋਲ ਕਰਦੇ ਸਨ।
ਅਕਸ਼ੈ ਕੁਮਾਰ ਨੂੰ ਕੈਨੇਡੀਅਨ ਫੈਡਰਲ ਚੋਣਾਂ ਤੋਂ ਬਾਅਦ ਕੰਜ਼ਰਵੇਟਿਵ ਸਰਕਾਰ ਨੇ 2011 ਵਿਚ ਕੈਨੇਡੀਅਨ ਨਾਗਰਿਕਤਾ ਦਿੱਤੀ ਸੀ। ਅਕਸ਼ੈ ਨੇ ਦਸੰਬਰ 2019 ਵਿਚ ਭਾਰਤੀ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ, ਜਦੋਂ ਉਸ ਨੇ ਕਿਹਾ ਕਿ ਉਹ ਆਪਣੀ ਕੈਨੇਡੀਅਨ ਨਾਗਰਿਕਤਾ ਛੱਡਣ ਜਾ ਰਿਹਾ ਹੈ। ਜਦੋਂ ਭਾਰਤ ਵਿਚ ਅਕਸ਼ੈ ਕੁਮਾਰ ਦੀਆਂ ਬੈਕ-ਟੂ-ਬੈਕ ਫਿਲਮਾਂ ਫਲਾਪ ਹੋ ਰਹੀਆਂ ਸਨ, ਤਾਂ ਉਸ ਨੇ ਇੱਕ ਦੋਸਤ ਦੀ ਸਲਾਹ 'ਤੇ ਕੈਨੇਡਾ ਵਿਚ ਸੈਟਲ ਹੋਣ ਦਾ ਫ਼ੈਸਲਾ ਕੀਤਾ। ਉਸ ਨੇ ਪਾਸਪੋਰਟ ਲਈ ਅਪਲਾਈ ਕੀਤਾ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕਰ ਲਈ।
ਇਕ ਇੰਟਰਵਿਊ 'ਚ ਅਕਸ਼ੈ ਨੇ ਦੱਸਿਆ ਸੀ- ਮੈਨੂੰ ਲੱਗਦਾ ਸੀ ਕਿ ਮੇਰੀਆਂ ਫਿਲਮਾਂ ਨਹੀਂ ਚੱਲ ਰਹੀਆਂ ਅਤੇ ਮੈਨੂੰ ਕੰਮ ਕਰਦੇ ਰਹਿਣਾ ਹੋਵੇਗਾ। ਮੈਂ ਕੈਨੇਡਾ ਵਿਚ ਕੰਮ ਕਰਨ ਗਿਆ ਸੀ। ਉੱਥੇ ਦੋਸਤ ਨੇ ਮੈਨੂੰ ਸੈਟਲ ਹੋਣ ਦੀ ਸਲਾਹ ਦਿੱਤੀ ਅਤੇ ਇਸ ਦੌਰਾਨ ਮੈਂ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੱਤੀ। ਉਸ ਸਮੇਂ ਮੇਰੀਆਂ ਸਿਰਫ਼ ਦੋ ਫ਼ਿਲਮਾਂ ਹੀ ਰਿਲੀਜ਼ ਹੋਣ ਲਈ ਬਚੀਆਂ ਸਨ। ਖੁਸ਼ਕਿਸਮਤੀ ਨਾਲ ਇਹ ਦੋਵੇਂ ਸੁਪਰਹਿੱਟ ਹੋ ਗਈਆਂ। ਉਦੋਂ ਤੋਂ ਮੈਂ ਨਹੀਂ ਰੁਕਿਆ, ਕੰਮ ਕਰਦਾ ਰਿਹਾ। ਇਸ ਸਮੇਂ ਦੌਰਾਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਹ ਪਾਸਪੋਰਟ ਬਦਲ ਦੇਣਾ ਚਾਹੀਦਾ ਹੈ।