ਭਾਰਤੀ ਸਿੰਘ ਨੇ ਦਾੜੀ-ਮੁੱਛ ਵਾਲੇ ਬਿਆਨ ਨੂੰ ਲੈ ਕੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੈਂ ਸਿਰਫ਼ ਕਮੇਡੀ ਕਰ ਰਹੀ ਸੀ ਮੇਰਾ ਕਿਸੇ ਨੂੰ ਵੀ ਦੁਖੀ ਕਰਨ ਦਾ ਕੋਈ ਉਦੇਸ਼ ਨਹੀਂ ਸੀ

Bharti Singh

 

ਚੰਡੀਗੜ੍ਹ - ਕਾਮੇਡੀਅਨ ਭਾਰਤੀ ਸਿੰਘ ਨੇ ਅਪਣੇ ਦਾੜ੍ਹੀ ਮੁੱਛ ਵਾਲੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗ ਲਈ ਹੈ। ਭਾਰਤੀ ਸਿੰਘ ਨੇ ਕਿਹਾ ਕਿ ਉਸ ਨੂੰ ਕਈ ਲੋਕਾਂ ਨੇ ਵਾਇਰਲ ਵੀਡੀਓ ਭੇਜੀ ਤੇ ਮੈਂ ਉਸ ਨੂੰ ਕਈ ਵਾਰ ਦੇਖਿਆ ਤੇ ਮੈਂ ਉਸ ਵਿਚ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਦਾੜ੍ਹੀ ਮੁੱਛ ਤਾਂ ਅੱਜ ਕੱਲ੍ਹ ਸਾਰੇ ਹੀ ਰੱਖਦੇ ਹਨ ਤੇ ਇਸ ਲਈ ਮੈਂ ਸਿਰਫ਼ ਕਮੇਡੀ ਕਰ ਰਹੀ ਸੀ ਮੇਰਾ ਕਿਸੇ ਨੂੰ ਵੀ ਦੁਖੀ ਕਰਨ ਦਾ ਕੋਈ ਉਦੇਸ਼ ਨਹੀਂ ਸੀ ਪਰ ਜੇ ਕਿਸੇ ਨੂੰ ਮੇਰੇ ਇਸ ਬਿਆਨ ਕਰ ਕੇ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦੀ ਹਾਂ। ਭਾਰਤੀ ਨੇ ਕਿਹਾ ਕਿ ਉਹ ਖੁਦ ਪੰਜਾਬ ਵਿਚ ਜੰਮੀ ਹੈ ਤੇ ਪੰਜਾਬ ਨਾਲ ਉਸ ਦਾ ਗੂੜਾ ਰਿਸ਼ਤਾ ਹੈ ਇਸ ਲਈ ਉਹ ਹਮੇਸ਼ਾ ਪੰਜਾਬ ਦਾ ਮਾਣ ਬਣਾਈ ਰੱਖੇਗੀ। 

ਦੱਸ ਦੀਏ ਕਿ ਭਾਰਤੀ ਸਿੰਘ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਦਾੜ੍ਹੀ-ਮੁੱਛਾਂ ਬਾਰੇ ਗੱਲਬਾਤ ਕਰ ਰਹੀ ਹੈ। ਭਾਰਤੀ ਸਿੰਘ ਕਹਿ ਰਹੀ ਹੈ ਕਿ  ‘‘ਦਾੜ੍ਹੀ-ਮੁੱਛਾਂ ਦੇ ਬਹੁਤ ਫ਼ਾਇਦੇ ਹੁੰਦੇ ਹਨ, ਦੁੱਧ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜਿਨ੍ਹਾਂ ਦੀ ਇੰਨੀ-ਇੰਨੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

ਭਾਰਤੀ ਸਿੰਘ ਦੇ ਇਸ ਬਿਆਨ ਦਾ ਕਾਫ਼ੀ ਵਿਰੋਧ ਵੀ ਹੋਇਆ ਹੈ। ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਬੱਬੂ ਮਾਨ ਨੇ ਕਿਹਾ ਕਿ ‘‘ਇਕ ਕੁੜੀ ਕੰਮ ਕਰਦੀ ਹੈ, ਉਸ ਨੇ ਸਰਦਾਰਾਂ ਦੀਆਂ ਮੁੱਛਾਂ ਬਾਰੇ ਤੇ ਦਾੜ੍ਹੀ ਬਾਰੇ ਕੋਈ ਟਿੱਪਣੀ ਕੀਤੀ ਹੈ। ਮੇਰੇ ਕੋਲੋਂ ਜਵਾਬ ਲਿਓ ਸਾਰੇ ਸ਼ੋਅਜ਼ ਦੇ। ਕਪਿਲ ਸ਼ਰਮਾ ਤੇ ਤੇਰੀ ਟੀਮ ਤੋਂ ਜਵਾਬ ਚਾਹੀਦਾ ਹੈ। ਫਿਰ ਦੱਸੀਏ ਸਰਦਾਰ ਕੌਣ ਹੁੰਦੇ ਹਨ। ਮੈਂ ਵੀ ਕਹਿ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਔਖਾ ਹੈ।’’